Tuesday, May 13

ਆਬਕਾਰੀ ਵਿਭਾਗ ਵਲੋਂ ਸਤਲੁਜ ਦਰਿਆ ਦੇ ਕੰਢਿਆਂ ਤੋਂ 3.30 ਲੱਖ ਲੀਟਰ ਲਾਹਣ ਬ੍ਰਾਮਦ

  • ਟਿਊਬਾਂ ‘ਚੋਂ ਵੀ ਕਰੀਬ 150 ਬੋਤਲਾਂ ਨਾਜਾਇਜ਼ ਸ਼ਰਾਬ ਫੜੀ ਗਈ
  • ਇਤਿਹਾਸ ‘ਚ ਪਹਿਲੀ ਵਾਰ ਵਿਭਾਗ ਵਲੋਂ ਮਾਹਿਰ ਕੁੱਤਿਆਂ ਦੀ ਲਈ ਗਈ ਮੱਦਦ


ਲੁਧਿਆਣਾ, (ਸੰਜੇ ਮਿੰਕਾ)- ਆਬਕਾਰੀ ਵਿਭਾਗ ਵਲੋਂ ਇਤਿਹਾਸ ਵਿੱਚ ਪਹਿਲੀ ਵਾਰ, ਪੰਜਾਬ ਕੈਨਾਇਨ ਟਰੇਨਿੰਗ ਇੰਸਟੀਚਿਊਟ ਵੱਲੋਂ ਸਿਖਲਾਈ ਪ੍ਰਾਪਤ ਕੁੱਤਿਆਂ ਦੇ ਸਹਿਯੋਗ ਨਾਲ ਤਲਾਸ਼ੀ ਦੌਰਾਨ ਸਤਲੁਜ ਦਰਿਆ ਦੇ ਆਲੇ-ਦੁਆਲੇ ਦੇ ਵੱਖ-ਵੱਖ ਟਾਪੂਆਂ ਅਤੇ ਕਿਨਾਰਿਆਂ ਤੋਂ ਲਗਭਗ 330000 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ। ਟਿਊਬਾਂ ਵਿੱਚ 150 ਬੋਤਲਾਂ ਨਾਜਾਇਜ਼ ਸ਼ਰਾਬ ਵੀ ਬਰਾਮਦ ਹੋਈ ਜਿਸਨੂੰ ਸਤਲੁਜ ਦਰਿਆ ਤੋਂ ਬਾਹਰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ। ਪੰਜਾਬ ਸਰਕਾਰ ਦੇ ਵਿਸ਼ੇਸ਼ ਪਾਇਲਟ ਪ੍ਰੋਜੈਕਟ ਤਹਿਤ ਵਿੱਤ ਕਮਿਸ਼ਨਰ ਕਰ ਅਤੇ ਆਬਕਾਰੀ ਕਮਿਸ਼ਨਰ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੁੰਘ ਕੇ ਪਤਾ ਲਗਾਉਣ ‘ਚ ਮਾਹਿਰ ਕੁੱਤਿਆਂ ਦੀਆਂ ਸੇਵਾਵਾਂ ਰਾਹੀਂ, ਸੰਯੁਕਤ ਕਮਿਸ਼ਨਰ ਆਬਕਾਰੀ, ਪੰਜਾਬ ਸ੍ਰੀ ਨਰੇਸ਼ ਦੂਬੇ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਜ਼ੋਨ, ਪਟਿਆਲਾ ਸ. ਪਰਮਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਟੀਮ ਗਠਿਤ ਕੀਤੀ ਗਈ। ਇਸ ਟੀਮ ਵਿੱਚ ਸ੍ਰੀ ਨਰੇਸ਼ ਦੂਬੇ ਖੁਦ, ਏ.ਸੀ.(ਐਕਸ) ਲੁਧਿਆਣਾ ਪੱਛਮੀ ਰੇਂਜ ਡਾ. ਹਰਸਿਮਰਤ ਕੌਰ ਗਰੇਵਾਲ, ਈ.ਓ. ਸ੍ਰੀ ਅਮਿਤ ਗੋਇਲ ਅਤੇ ਸ੍ਰੀ ਦਿਵਾਨ ਚੰਦ ਸ਼ਾਮਲ ਸਨ, ਜਿਨ੍ਹਾਂ ਈ.ਆਈ. ਕਰਮਜੀਤ ਸਿੰਘ ਚੀਮਾ, ਹਰਦੀਪ ਸਿੰਘ ਬੈਂਸ, ਰਾਜਨ ਸਹਿਗਲ, ਮਨਦੀਪ ਸਿੰਘ, ਹਰਜਿੰਦਰ ਸਿੰਘ-2, ਆਬਕਾਰੀ ਪੁਲਿਸ ਅਤੇ ਸਹਿਯੋਗੀ ਸਟਾਫ਼ ਦੇ ਨਾਲ ਸੁੰਘਣ ਵਾਲੇ ਕੁੱਤਿਆਂ ਦੀ ਮੱਦਦ ਨਾਲ ਬੀਤੇ ਕੱਲ ਸਤਲੁਜ ਦਰਿਆ ਦੇ ਕਿਨਾਰਿਆਂ ਅਤੇ ਆਲੇ-ਦੁਆਲੇ ਦੇ ਕਰੀਬ 25-30 ਕਿਲੋਮੀਟਰ ਦੇ ਏਰੀਏ ਵਿੱਚ ਨਾਜਾਇਜ਼ ਸ਼ਰਾਬ ਨੂੰ ਕੱਢਣ ਤੋਂ ਰੋਕਣ ਲਈ ਪਿੰਡ ਗੋਰਸੀਆਂ, ਕੋਟ ਉਮਰਾ, ਕੁਲ ਗਹਿਣਾ ਅਤੇ ਹੋਰ ਨੇੜਲੇ ਪਿੰਡਾਂ ਹੰਬੜਾਂ ਅਤੇ ਸਿੱਧਵਾਂ ਬੇਟ, ਲੁਧਿਆਣਾ ਨੇੜੇ ਘੋਖ ਪੜਤਾਲ ਕੀਤੀ ਗਈ। 

About Author

Leave A Reply

WP2Social Auto Publish Powered By : XYZScripts.com