Tuesday, May 13

ਕੈਮਿਸਟ, ਸ਼ਰਾਬ ਅਤੇ ਖਾਣ-ਪੀਣ ਦੇ ਸਾਮਾਨ ਦੀਆਂ ਦੁਕਾਨਾਂ ਲਈ ਫਡ ਸੇਫ਼ਟੀ ਲਾਇਸੈਂਸ ਲਾਜ਼ਮੀ- ਡਾ. ਗੁਰਪ੍ਰੀਤ ਸਿੰਘ

  • ਲਾਇਸੈਂਸ ਪ੍ਰਾਪਤ ਕਰਕੇ ਦੁਕਾਨਾਂ ‘ਤੇ ਕੀਤੇ ਜਾਣ ਪ੍ਰਦਰਸ਼ਿਤ – ਡੀ.ਐਚ.ਓ.

ਲੁਧਿਆਣਾ , ((ਸੰਜੇ ਮਿੰਕਾ))- ਸ਼ਰਾਬ ਦੀਆਂ ਦੁਕਾਨਾਂ, ਕੈਮਿਸਟਾਂ (ਫੂਡ ਸਪਲੀਮੈਂਟ ਵੇਚਣ ਵਾਲੇ) ਅਤੇ ਖਾਣ-ਪੀਣ ਵਾਲੀਆਂ ਦੁਕਾਨਾਂ ਲਈ ਸਿਹਤ ਵਿਭਾਗ ਤੋਂ ਫੂਡ ਸੇਫ਼ਟੀ ਲਾਇਸੈਂਸ ਲੈਣਾ ਅਤੇ ਉਨ੍ਹਾਂ ਨੂੰ ਦੁਕਾਨਾਂ ‘ਤੇ ਡਿਸਪਲੇ ਕਰਨਾ ਲਾਜ਼ਮੀ ਹੈ । ਇਸ ਸਬੰਧੀ ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਸੀ.ਐਫ.ਡੀ.ਏ.) ਪੰਜਾਬ ਡਾ. ਅਭਿਨਵ ਤ੍ਰਿਖਾ ਵਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਅਨੁਸਾਰ ਕਾਰੋਬਾਰੀਆਂ ਨੂੰ ਫੂਡ ਸੇਫ਼ਟੀ ਲਾਇਸੰਸ ਪ੍ਰਾਪਤ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 12 ਲੱਖ ਰੁਪਏ ਤੋਂ ਘੱਟ ਸਲਾਨਾ ਕਾਰੋਬਾਰ ਵਾਲੀਆਂ ਦੁਕਾਨਾਂ ਨੂੰ ਐਫ.ਐਸ.ਐਸ.ਏ.ਆਈ ਨਿਯਮਾਂ ਅਧੀਨ ਰਜਿਸਟਰ ਹੋਣਾ ਲਾਜ਼ਮੀ ਹੈ ਜਦੋਂ ਕਿ 12 ਲੱਖ ਰੁਪਏ ਤੋਂ ਵੱਧ ਵਪਾਰ ਕਰਨ ਵਾਲੇ ਅਦਾਰਿਆਂ ਨੂੰ ਫੂਡ ਸੇਫਟੀ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ। ਡੀ ਐੱਚ ਓ ਡਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜਲਦੀ ਹੀ ਇਕ ਨਿਰੀਖਣ ਮੁਹਿੰਮ ਚਲਾਈ ਜਾਵੇਗੀ, ਜਿਸ ਤਹਿਤ ਅਜਿਹੇ ਕਾਰੋਬਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਨ੍ਹਾਂ ਲਾਇਸੈਂਸ ਨਹੀਂ ਲਿਆ। ਡਾ. ਗੁਰਪ੍ਰੀਤ ਸਿੰਘ ਨੇ ਜਾਗਰੂਕ ਕਰਦੇ ਹੋਏ ਕਿਹਾ ਕਿ ਅਜਿਹਾ ਨਾ ਕਰਨ ‘ਤੇ ਕਾਨੂੰਨ ਮੁਤਾਬਕ ਪੰਜ ਲੱਖ ਰੁਪਏ ਦਾ ਜੁਰਮਾਨਾ ਜਾਂ ਛੇ ਮਹੀਨੇ ਤੱਕ ਦੀ ਕੈਦ ਜਾਂ ਦੋਵੇਂ ਹੋ ਸਕਦੇ ਹਨ। ਉਨ੍ਹਾਂ ਨੇ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲੇ ਸਾਰੇ ਕਾਰੋਬਾਰੀਆਂ ਨੂੰ ਫੂਡ ਸੇਫ਼ਟੀ ਐਕਟ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਲੋਕਾਂ ਨੂੰ ਸ਼ੁੱਧ ਅਤੇ ਸਵੱਛ ਭੋਜਨ ਉਤਪਾਦ ਮੁਹੱਈਆ ਕਰਵਾਉਣ ਦਾ ਸੱਦਾ ਦਿੱਤਾ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ । ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਵਧੇਰੇ ਜਾਣਕਾਰੀ ਵਿਭਾਗ ਦੀ ਵੈਬਸਾਈਟ focso.fssai.gov.in ਤੋਂ ਲਈ ਜਾ ਸਕਦੀ ਹੈ।

About Author

Leave A Reply

WP2Social Auto Publish Powered By : XYZScripts.com