- ਮਾਸ ਮੀਡੀਆ ਵਿੰਗ ਦੀ ਟੀਮ ਵੱਲੋ ਨਸਿ਼ਆਂ ਸਬੰਧੀ ਜ਼ਾਗਰੂਕਤਾ
ਲੁਧਿਆਣਾ ( ਸੰਜੇ ਮਿੰਕਾ ) ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਦੀਆਂ ਹਦਾਇਤਾ ਅਨੁਸਾਰ ਮਾਸ ਮੀਡੀਆ ਵਿੰਗ ਦੀ ਟੀਮ ਵੱਲੋ ਅੱਜ ਪਿੰਡ ਮਲਕਪੁਰ ਵਿਚ ਨਸਿ਼ਆਂ ਦੇ ਸਬੰਧ ਵਿਚ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਇਸ ਮੌਕੇ ਤੇ ਮਾਸ ਮੀਡੀਆ ਵਿੰਗ ਦੀ ਟੀਮ ਵੱਲੋ ਪੰਜਾਬ ਸਰਕਾਰ ਵੱਲੋ ਨਸ਼ਾ ਛੁਡਵਾਉਣ ਦੇ ਸਬੰਧ ਵਿਚ ਚਲਾਈਆ ਜਾ ਰਹੀਆ ਸਕੀਮਾਂ ਦੇ ਸਬੰਧ ਵਿਚ ਜਾਣਕਾਰੀ ਦਿੱਤੀ ਗਈ। ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੋਰ ਇਲਾਜ ਸੇਵਾਵਾਂ ਸਮੇਤ ਨਸ਼ਾ ਛੁਡਾਊ ਪ੍ਰੋਗਰਾਮ ਤਹਿਤ ਸਿਹਤ ਸੇਵਾਵਾਂ ਮੁਹੱਈਆ ਲਈ ਵਚਨਬੱਧ ਹੈ।ਉਨਾ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਮਾਜ ਵਿੱਚੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਵੱਖੑਵੱਖ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ । ਨਸ਼ਿਆਂ ਨਾਲ ਪੀੜਤ ਵਿਅਕਤੀ ਇੱਕ ਕਿਸਮ ਦਾ ਮਰੀਜ਼ ਹੁੰਦਾ ਹੈ ਜਿਸਨੂੰ ਕਿ ਇਲਾਜ ਦੀ ਸਖਤ ਜਰੂਰਤ ਹੁੰਦੀ ਹੈ ਅਤੇ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸ ਨਾਲ ਵਿਤਕਰੇ ਦੀ ਥਾਂ ਤੇ ਪਿਆਰ ਅਤੇ ਅਪਣੱਤ ਦੀ ਭਾਵਨਾ ਨਾਲ ਉਸਨੂੰ ਇਸ ਸਮੱਸਿਆ ਵਿਚੋਂ ਕੱਢਣ ਦਾ ਯਤਨ ਕਰੇ। ਮਾਸ ਮੀਡੀਆ ਅਫਸਰ ਦਲਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਸਮੱਸਿਆ ਦੇ ਖਾਤਮੇ ਲਈ ਓਟ ਕੇਂਦਰ, ਨਸ਼ਾ ਛੁਡਾਊ ਕੇਂਦਰ ਅਤੇ ਪੁਨਰਵਸੇਬਾ ਕੇਂਦਰਾਂ ਨੂੰ ਸਫ਼ਲਤਾਪੂਰਵਕ ਢੰਗ ਨਾਲ਼ ਚਲਾਇਆ ਜਾ ਰਿਹਾ ਹੈ । ਇਨ੍ਹਾਂ ਕੇਂਦਰਾ ਵਿਚ ਇਲਾਜ ਦੇ ਨਾਲ ਨਾਲ ਮਾਹਿਰ ਕਾਊਂਸਲਰਾਂ ਅਤੇ ਮਨੋਰੋਗ ਮਾਹਿਰਾਂ ਵੱਲੋਂ ਉਨ੍ਹਾਂ ਦੀ ਕਾਊਂਸਲਿਂਗ ਵੀ ਕੀਤੀ ਜਾਂਦੀ ਹੈ ਤਾਂ ਜੋ ਉਹ ਨਸ਼ਾ ਛੱਡਣ ਲਈ ਮਾਨਸਿਕ ਤੌਰ ਤੇ ਵੀ ਮਜਬੂਤ ਹੋ ਸਕਣ ।ਨਸ਼ਿਆਂ ਦੀ ਬੁਰਾਈ ਤੋਂ ਦੂਰ ਰਹਿਣ ਵਿਚ ਜਾਗਰੂਕਤਾ ਦਾ ਅਹਿਮ ਰੋਲ ਹੈ । ਜੇਕਰ ਹਰੇਕ ਨਾਗਰਿਕ ਅਤੇ ਸਕੂਲ ਜਾਂ ਕਾਲਜਾਂ ਦੇ ਵਿਦਿਆਰਥੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਹੋਣਗੇ ਤਾਂ ਨਿਸ਼ਚਿਤ ਹੀ ਆਪਣੀ ਜ਼ਿੰਦਗੀ ਵਿਚ ਇਨ੍ਹਾਂ ਤੋ ਕੋਹਾਂ ਦੂਰ ਰਹਿਣਗੇ । ਉਨਾ ਅਪੀਲ ਕੀਤੀ ਕਿ ਆਮ ਲੋਕ ਵੀ ਸਰਕਾਰ ਦੀ ਇਸ ਨਸ਼ਾ ਵਿਰੋਧੀ ਮੁਹਿੰਮ ਵਿਚ ਆਪਣਾ ਸਹਿਯੋਗ ਦੇਣ ਤਾਂ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇਸ ਨਸ਼ਿਆਂ ਰੂਪੀ ਦਲਦਲ ਤੋਂ ਬਚਾਇਆ ਜਾ ਸਕੇ ਅਤੇ ਪੰਜਾਬ ਤਰੱਕੀ ਦੇ ਰਾਹ ਤੇ ਵਧ ਸਕੇ ।