Wednesday, March 12

ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਹੁਣ ਤੱਕ 1,12,46,266 ਮੀਟਰਕ ਟਨ ਝੋਨਾ ਦੀ ਆਮਦ : ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ

  • ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਹੁਣ ਤੱਕ 1,09,61,735 ਮੀਟਰਕ ਟਨ ਝੋਨੇ ਦੀ ਕੀਤੀ ਖਰੀਦ
  • ਕਿਹਾ ਕਿ ਹੁਣ ਤੱਕ ਕਿਸਾਨਾਂ ਨੂੰ ਝੋਨੇ ਦੀ 18,660 ਕਰੋੜ ਰੁਪਏ ਦੀ ਕੀਤੀ ਗਈ ਅਦਾਇਗੀ
  • ਖੇਤੀਬਾੜੀ ਮੰਤਰੀ ਨੇ ਅਨਾਜ ਮੰਡੀ ਸਲੇਮ ਟਾਬਰੀ (ਨੇੜੇ ਜਲੰਧਰ ਬਾਈਪਾਸ) ਲੁਧਿਆਣਾ ਅਤੇ ਸਮਰਾਲਾ ਵਿੱਚ ਝੋਨੇ ਦੀ ਚੱਲ ਰਹੀ ਖਰੀਦ ਦਾ ਲਿਆ ਜਾਇਜ਼ਾ

ਸਮਰਾਲਾ (ਲੁਧਿਆਣਾ), (ਸੰਜੇ ਮਿੰਕਾ) ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਹੁਣ ਤੱਕ 1,12,46,266 ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ ਇਸ ਝੋਨੇ ਵਿੱਚੋ ਸਰਕਾਰੀ ਖਰੀਦ ਏਜੰਸੀਆਂ ਵੱਲੋਂ 1,09,61,735 ਮੀਟਰਕ ਟਨ ਝੋਨੇ ਦੀ ਖਰੀਦ ਵੀ ਕੀਤੀ ਜਾ ਚੁੱਕੀ ਹੈ ਅਤੇ ਹੁਣ ਤੱਕ ਕਿਸਾਨਾਂ ਨੂੰ ਝੋਨੇ ਦੀ 18,660 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਇਹ ਪ੍ਰਗਟਾਵਾ ਪੰਜਾਬ ਦੇ ਖੇਤੀਬਾੜੀ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਨਾਜ ਮੰਡੀ ਸਲੇਮ ਟਾਬਰੀ (ਨੇੜੇ ਜਲੰਧਰ ਬਾਈਪਾਸ) ਲੁਧਿਆਣਾ ਅਤੇ ਸਮਰਾਲਾ ਵਿੱਚ ਝੋਨੇ ਦੀ ਚੱਲ ਰਹੀ ਖਰੀਦ ਦਾ ਜਾਇਜਾ ਲੈਣ ਮੌਕੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਵਿਧਾਇਕ ਲੁਧਿਆਣਾ (ਪੂਰਬੀ) ਸ੍ਰੀ ਦਲਜੀਤ ਸਿੰਘ ਗਰੇਵਾਲ, ਵਿਧਾਇਕ ਲੁਧਿਆਣਾ (ਉੱਤਰੀ) ਸ੍ਰੀ ਮਦਨ ਲਾਲ ਬੱਗਾ, ਵਿਧਾਇਕ ਸਾਹਨੇਵਾਲ ਸ੍ਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਪਾਇਲ ਸ੍ਰੀ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਮਰਜੀਤ ਬੈਸ ਵੀ ਸ਼ਾਮਲ ਸਨ। ਕੈਬਨਿਟ ਮੰਤਰੀ ਸ੍ਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸਾਨ ਆਪਣੀ ਫਸਲ ਵੇਚ ਕੇ 12 ਘੰਟਿਆਂ ਦੇ ਅੰਦਰ-ਅੰਦਰ ਆਪਣੇ ਘਰ ਚਲਾ ਜਾਂਦਾ ਹੈ ਜਦਕਿ ਪੁਰਾਣੀਆਂ ਸਰਕਾਰਾਂ ਦੇ ਸਮੇ ਕਿਸਾਨ ਕਈ-ਕਈ ਦਿਨ ਮੰਡੀਆਂ ਵਿੱਚ ਰੁਲਦਾ ਰਹਿੰਦਾ ਸੀ। ਉਹਨਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਸਹੂਲਤ ਲਈ ਚੱਲ ਰਹੇ ਝੋਨੇ ਦੇ ਸੀਜ਼ਨ ਵਿੱਚ ਝੋਨੇ ਦੀ ਨਿਰਵਿਘਨ ਅਤੇ ਸੁਚਾਰੂ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਸੂਬਾ ਸਰਕਾਰ ਝੋਨੇ ਦੇ ਖਰੀਦ ਸੀਜਨ ਦੌਰਾਨ ਕਿਸਾਨਾਂ ਦੀ ਉਪਜ ਦੇ ਇੱਕ-ਇੱਕ ਦਾਣੇ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਖਰੀਦ ਕੇ ਉਸ ਦੀ ਲਿਫਟਿੰਗ ਨੂੰ ਯਕੀਨੀ ਬਣਾਏਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਹਨ ਕਿ ਕਿਸਾਨਾਂ ਦੀ ਫ਼ਸਲ ਅਨਾਜ ਮੰਡੀਆਂ ਵਿੱਚੋਂ ਤੁਰੰਤ ਚੁੱਕ ਲਈ ਜਾਵੇ ਅਤੇ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਵੇਲੇ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਤੋਂ ਖਰੀਦ ਕੀਤੇ ਗਏ ਝੋਨੇ ਦੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 48 ਘੰਟਿਆਂ ਦੇ ਅੰਦਰ-ਅੰਦਰ ਕੀਤੀ ਜਾ ਰਹੀ ਹੈ ਅਤੇ ਝੋਨੇ ਦੀ ਢੋਆ ਢੋਆਈ ਅਤੇ ਸਟੋਰੇਜ਼ ਵਿੱਚ ਵੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਸ੍ਰੀ ਧਾਲੀਵਾਲ ਨੂੰ ਪਾਰਲੀ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਲ ਦਿੰਦਿਆ ਕਿਹਾ ਕਿ ਪਿਛਲੇ ਸਾਲ ਨਾਲੋਂ ਇਸ ਵਾਰ ਪਰਾਲੀ ਜਾਲਣ ਦੇ ਮਾਮਲੇ ਘੱਟ ਆਏ ਹਨ। ਉਹਨਾਂ ਕਿਹਾ ਕਿ ਸਰਕਾਰ ਤੇ ਆਰਥਿਕ ਸੰਕਟ ਹੋਣ ਦੇ ਬਾਵਜੂਦ ਵੀ ਅਸੀਂ ਕਿਸਾਨਾਂ ਦੀ ਮੱਦਦ ਲਈ ਹਰ ਸੰਭਵ ਕੋਸਿ਼ਸ਼ ਕਰ ਰਹੇ ਹਾਂ। ਅਸੀਂ ਤਾਂ ਚਾਹੁੰਦੇ ਸੀ ਕਿ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪਰਾਲੀ ਨਾ  ਸਾੜਨ ਦਾ ਮੁਆਵਜਾ ਦਿੱਤਾ ਜਾਵੇ ਪਰ ਕੇਂਦਰ ਦੀ ਸਰਕਾਰ ਨਹੀਂ ਮੰਨੀ। ਉਹਨਾਂ ਕਿਹਾ ਕਿ ਅਗਲੇ ਸਾਲ ਤੱਕ ਪਰਾਲੀ ਦੀ ਸਮੱਸਿਆ 85 ਪ੍ਰਤੀਸ਼ਤ ਤੱਕ ਠੀਕ ਹੋ ਜਾਵੇਗੀ। ਖੇਤਬਾੜੀ ਮੰਤਰੀ ਦੇ ਸਾਹਮਣੇ ਕਿਸਾਨਾਂ ਨੇ ਡੀ.ਏ.ਪੀ ਦੀ ਖਾਦ ਅਤੇ ਕਣਕ ਦੇ ਅਗੇਤੇ ਬੀਜਾਂ ਦੀ ਸਪਲਾਈ ਵਧਾਉਣ ਦੀ ਮੰਗ ਰੱਖੀ ਜਿਸ ਤੇ ਖੇਤੀਬਾੜੀ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਡੀ.ਏ.ਪੀ ਦੀ ਖਾਦ ਅਤੇ ਕਣਕ ਦੇ ਬੀਜਾਂ ਦੀ ਕੋਈ ਵੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਮੰਡਲ ਮੈਜਿਸਟੇ੍ਰਟ ਸਮਰਾਲਾ ਸ੍ਰੀ ਕੁਲਦੀਪ ਬਾਵਾ, ਮੁੱਖ ਖੇਤੀਬਾੜੀ ਅਫਸਰ ਡਾ. ਅਮਨਜੀਤ ਸਿੰਘ, ਜਿਲਾ ਖੁਰਾਕ ਸਪਲਾਈ ਕੰਟਰੋਲਰ (ਪੂਰਬੀ) ਸ੍ਰੀਮਤੀ ਸਿਫਾਲੀ ਚੋਪੜਾ, ਜਿਲਾ ਮੰਡੀ ਅਫਸਰ ਲੁਧਿਆਣਾ ਸ੍ਰੀ ਬੀਰ ਇੰਦਰ ਸਿੰਘ ਸਿੱਧੂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਿਸਾਨ ਮੌਜੂਦ ਸਨ।

About Author

Leave A Reply

WP2Social Auto Publish Powered By : XYZScripts.com