- ਹਰ ਬੁੱਧਵਾਰ ਤੇ ਸ਼ਨੀਵਾਰ, ਡਾ. ਅਜੀਤ ਪਾਲ ਕੌਰ ਵਲੋਂ ਮਰੀਜ਼ਾਂ ਦਾ ਕੀਤਾ ਜਾਵੇਗਾ ਮੁਫ਼ਤ ਇਲਾਜ਼
- ਨਿਗਮ ਅਧਿਕਾਰੀਆਂ ਅਤੇ ਠੇਕੇਦਾਰਾਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ
- ਹਲਕੇ ਚੱਲ ਰਹੇ ਵਿਕਾਸ ਕਾਰਜ਼ਾਂ ਦਾ ਲਿਆ ਜਾਇਜ਼ਾ, ਪ੍ਰੋਜੈਕਟਾਂ ‘ਚ ਤੇਜ਼ੀ ਲਿਆਉਣ ਦੇ ਵੀ ਦਿੱਤੇ ਨਿਰਦੇਸ਼
ਲੁਧਿਆਣਾ, (ਸੰਜੇ ਮਿੰਕਾ) – ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਵਸਨੀਕਾਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ, ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਵਾਰਡ ਨੰਬਰ 73 ਵਿੱਚ ਸਿਹਤ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ. ਸ਼ਰਨਪਾਲ ਸਿੰਘ ਮੱਕੜ, ‘ਆਪ’ ਦੇ ਸੀਨੀਅਰ ਆਗੂ ਸ. ਚਰਨਜੀਤ ਸਿੰਘ ਲਾਂਬਾ, ਹਲਕਾ ਆਤਮ ਨਗਰ ਤੋਂ ਸ੍ਰੀ ਰਿੰਕੂ ਅਤੇ ਵਾਰਡ ਇੰਚਾਰਜ ਸ੍ਰੀ ਸਤਨਾਮ ਸਿੰਘ ਸੰਨੀ ਮਾਸਟਰ ਵੀ ਮੌਜੂਦ ਸਨ। ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨੇ ਕਿਹਾ ਕਿ ਸੂਬੇ ਵਿੱਚ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਜਿਸ ਤਹਿਤ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਆਮ ਆਦਮੀ ਕਲੀਨਿਕ ਖੋਲੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਸਹੂਲਤਾਂ ਨੂੰ ਹੋਰ ਹੁਲਾਰਾ ਦੇਣ ਦੇ ਮਕਸਦ ਨਾਲ ਵਾਰਡ ਨੰਬਰ 73 ਵਿੱਚ ਸਿਹਤ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਹੈ ਜਿੱਥੇ ਹਰ ਬੁੱਧਵਾਰ ਅਤੇ ਸ਼ਨੀਵਾਰ ਨੂੰ ਡਾ. ਅਜੀਤ ਪਾਲ ਕੌਰ ਹਲਕੇ ਦੇ ਵਸਨੀਕਾਂ ਨੂੰ ਆਪਣੀਆਂ ਮੁਫ਼ਤ ਸੇਵਾਵਾਂ ਦੇਣਗੇ। ਬਾਅਦ ਵਿੱਚ, ਵਿਧਾਇਕ ਸ੍ਰੀ ਗੋਗੀ ਦੀ ਪ੍ਰਧਾਨਗੀ ਹੇਠ, ਸਥਾਨਕ ਸਰਾਭਾ ਨਗਰ, ਨਗਰ ਨਿਗਮ ਦੇ ਜ਼ੋਨ-ਡੀ ਦਫ਼ਤਰ ਵਿਖੇ ਨਿਗਮ ਅਧਿਕਾਰੀਆਂ ਅਤੇ ਠੇਕੇਦਾਰਾਂ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੌਰਾਨ ਉਨ੍ਹਾਂ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜ਼ਾਂ ‘ਤੇ ਵਿਚਾਰ ਚਰਚਾ ਕੀਤੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ‘ਚ ਚੱਲ ਰਹੇ ਸਾਰੇ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਇਸਦਾ ਲਾਹਾ ਮਿਲ ਸਕੇ।