Friday, May 9

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਕੀਤਾ ਜਾ ਰਿਹਾ ਅਣਗੋਲਿਆ – ਹਿਮਾਚਲ/ਗੁਜਰਾਤ ਚੋਣਾਂ ਦੌਰਾਨ ਕੀਤਾ ਜਾਵੇਗਾ ਡੱਟ ਕੇ ਵਿਰੋਧ – ਸੰਜੀਵ ਭਾਰਗਵ, ਲਖਵੀਰ ਗਰੇਵਾਲ ਤੇ ਸੁਨੀਲ

ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਪੰਜਾਬ ਭਰ ਵਿੱਚ 10 ਤੋਂ 15 ਅਕਤੂਬਰ ਤੱਕ ਦਿੱਤੇ ਗਏ ਕਲਮ ਛੋੜ / ਕੰਪਿਊਟਰ ਬੰਦ ਅਤੇ ਮੁਕੰਮਲ ਹੜਤਾਲ ਦੇ ਦਿੱਤੇ ਗਏ ਐਕਸ਼ਨ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਲਗਾਤਾਰ 5ਵੇਂ ਦਿਨ ਵੀ ਕੰਮਕਾਜ਼ ਠੱਪ ਰੱਖਿਆ ਗਿਆ। ਜ਼ਿਲ੍ਹਾ ਲੁਧਿਆਣਾ ਸਥਿਤ ਵੱਖ-ਵੱਖ ਵਿਭਾਗਾਂ ਦੇ ਦਫਤਰੀ ਕਾਮਿਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੰਜੀਵ ਭਾਰਗਵ, ਜਨਰਲ ਸਕੱਤਰ ਸ਼੍ਰੀ ਲਖਵੀਰ ਸਿੰਘ ਗਰੇਵਾਲ ਅਤੇ ਵਿੱਤ ਸਕੱਤਰ ਸ਼੍ਰੀ ਸੁਨੀਲ ਕੁਮਾਰ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰਦੇ ਹੋਏ ਸਿਵਲ ਸਰਜਨ ਦਫ਼ਤਰ ਲੁਧਿਆਣਾ ਵਿਖੇ ਮੁਕੰਮਲ ਤੌਰ ਤੇ ਕਲਮ ਛੋੜ / ਕੰਪਿਊਟਰ ਬੰਦ ਕਰਦੇ ਹੋਏ ਹੜਤਾਲ ਕੀਤੀ ਗਈ ਅਤੇ ਰੋਸ ਮੁਜ਼ਾਹਰਾ ਕਰਦੇ ਹੋਏ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਸ਼੍ਰੀ ਸੁਨੀਲ ਕੁਮਾਰ ਵਿੱਤ ਸਕੱਤਰ PSMSU ਲੁਧਿਆਣਾ ਨੇ ਕਿਹਾ ਕਿ ਲਗਾਤਾਰ 4 ਜ਼ੋਨਲ ਰੈਲੀਆਂ ਕਰਨ ਤੋਂ ਬਾਅਦ ਸਰਕਾਰ ਨੂੰ 5 ਦਿਨ ਦੀ ਹੜਤਾਲ ਦੇ ਦਿੱਤੇ ਗਏ ਅਲਟੀਮੇਟਮ ਮੁਤਾਬਿਕ ਅੱਜ ਹੜਤਾਲ ਦਾ 5ਵਾਂ ਦਿਨ ਬੀਤ ਜਾਣ ਦੇ ਬਾਅਦ ਵੀ ਭਗਵੰਤ ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਸਾਰ ਨਹੀਂ ਲਈ ਗਈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਚੌਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਮੁਲਾਜ਼ਮਾਂ ਦਾ ਸਮਰਥਨ ਸਿਰਫ ਸਿਆਸੀ ਲਾਹਾ ਲੈਣ ਤੱਕ ਸੀਮਤ ਸੀ।  ਸ੍ਰੀ ਸੁਨੀਲ ਕੁਮਾਰ ਨੇ ਅੱਗੇ ਕਿਹਾ ਕਿ ਹਿਮਾਚਲ ਵਿਧਾਨ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਹੋ ਗਿਆ ਹੈ ਜਿਸ ਤਹਿਤ 12 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਜਲਦ ਗੁਜਰਾਤ ਚੋਣਾਂ ਦਾ ਵੀ ਐਲਾਨ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫੌਰੀ ਤੌਰ ‘ਤੇ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਦੀ ਨੋਟੀਫਿਕੇਸ਼ਨ ਨੂੰ ਹਰੀ ਝੰਡੀ ਦੇਵੇ ਜਿਸ ਨਾਲ ਹਿਮਾਚਲ/ਗੁਜਰਾਤ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤੀ ਯਕੀਨੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਨੋਟੀਫਿਕੇਸ਼ਨ ਇਸ ਕਰਕੇ ਵੀ ਲਾਜ਼ਮੀ ਹੈ ਤਾਂ ਜੋ ਹਿਮਾਚਲ ਅਤੇ ਗੁਜਰਾਤ ਦੇ ਮੁਲਾਜ਼ਮ ਵੋਟਰਾਂ ਨੂੰ ਇਹ ਅਹਿਸਾਸ ਹੋ ਸਕੇ ਕਿ ਆਮ ਆਦਮੀ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਵੀ ਹੈ। ਇਸ ਤੋਂ ਇਲਾਵਾ ਬਕਾਇਆ ਡੀ.ਏ. ਅਤੇ ਹੋਰ ਮੰਗਾਂ ‘ਤੇ ਵੀ ਗੌਰ ਕੀਤਾ ਜਾਵੇ। ਸ਼੍ਰੀ ਸੰਦੀਪ ਭਾਂਬਕ ਜ਼ਿਲ੍ਹਾ ਪ੍ਰਧਾਨ ਸੀ.ਪੀ.ਐੱਫ. ਅਤੇ ਸ਼੍ਰੀ ਲਖਵੀਰ ਸਿੰਘ ਗਰੇਵਾਲ ਨੇ ਕਿਹਾ ਕਿ ਜੇਕਰ ਸਰਕਾਰ ਇਸ ਸਾਲ ਦੀਵਾਲੀ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕਰਦੀ ਹੈ ਤਾਂ ਇਸ ਦਾ ਹਰਜਾਨਾ ਆਮ ਆਦਮੀ ਪਾਰਟੀ ਨੂੰ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਚੋਣਾਂ ਵਿੱਚ ਭੁਗਤਣਾ ਪਵੇਗਾ । ਹੜਤਾਲ ਦੌਰਾਨ ਆਮ ਜਨਤਾ ਨੂੰ ਆਪਣੇ ਕੰਮ ਕਰਵਾਉਣ ਵਿੱਚ ਜੋ ਮੁਸ਼ਕਿਲ ਪੇਸ਼ ਆ ਰਹੀ ਹੈ ਉਸ ਦੀ ਨਿਰੋਲ ਜਿੰਮੇਵਾਰੀ ਮਾਨ ਸਰਕਾਰ ਦੀ ਹੈ ਕਿਉਂਕਿ ਮੁਲਾਜ਼ਮ ਵਰਗ ਕੋਈ ਸ਼ੌਂਕੀਆ ਤੌਰ ਤੇ ਹੜਤਾਲ ਤੇ ਨਹੀਂ ਜਾਂਦਾ । ਜਦੋਂ ਸਰਕਾਰ ਮੇਜ ਤੇ ਬੈਠ ਕੇ ਗੱਲਬਾਤ ਕਰਨ ਨੂੰ ਵੀ ਤਿਆਰ ਨਹੀਂ ਹੁੰਦੀ ਤਾਂ ਮਜ਼ਬੂਰਨ ਮੁਲਾਜ਼ਮ ਵਰਗ ਨੂੰ ਹੜਤਾਲ ਤੇ ਜਾਣਾ ਪੈਂਦਾ ਹੈ ।   ਸ਼੍ਰੀ ਏ.ਪੀ. ਮੌਰੀਆ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ ਵਾਰ ਇੱਕ ਹੀ ਗੱਲ ਆਖੀ ਜਾਂਦੀ ਰਹੀ ਹੈ ਕਿ ਤੁਹਾਨੂੰ ਹੁਣ ਕਿਸੇ ਤਰ੍ਹਾਂ ਵੀ ਧਰਨਾ ਲਗਾਉਣ ਦੀ ਲੋੜ ਨਹੀਂ ਪਵੇਗੀ ਪਰ ਸ਼ਾਇਦ ਇਹ ਪਹਿਲੀ ਵਾਰ ਹੀ ਹੋਇਆ ਹੈ ਕਿ ਕੋਈ ਵੀ ਸਰਕਾਰ ਬਣਨ ਤੋਂ ਪਹਿਲੇ 6 ਮਹੀਨਿਆਂ ਵਿੱਚ ਸਮਾਜ ਦਾ ਹਰ ਇੱਕ ਵਰਗ ਸੜਕਾਂ ਤੇ ਰੋਸ ਮੁਜਾਹਰੇ ਕਰ ਰਿਹਾ ਹੈ ।    ਇਸ ਦੌਰਾਨ ਅਨਿਲ ਕੁਮਾਰ, ਪਰਵੀਨ ਕੁਮਾਰ, ਧਰਮ ਸਿੰਘ, ਵਿਮਲਜੀਤ ਸਿੰਘ, ਰਣਧੀਰ ਸਿੰਘ, ਪ੍ਰੇਮ ਸਿੰਘ, ਗੁਰਪ੍ਰੀਤ ਸਿੰਘ, ਦਰਬਾਰਾ ਸਿੰਘ, ਤਜਿੰਦਰ ਸਿੰਘ ਢਿੱਲੋਂ, ਰਾਕੇਸ਼ ਕੁਮਾਰ, ਆਕਾਸ਼ਦੀਪ ਸਿੰਘ, ਜਗਦੇਵ ਸਿੰਘ, ਧਰਮ ਪਾਲ ਪਾਲੀ, ਅਮਨਦੀਪ ਕੌਰ ਪਰਾਸ਼ਰ, ਤਲਵਿੰਦਰ ਸਿੰਘ, ਰਾਜੇਸ਼ ਕਪਿਲਾ, ਗੁਰਚਰਨ ਸਿੰਘ ਅਤੇ ਹੋਰ ਬਹੁਤ ਸਾਰੇ ਵਿਭਾਗਾਂ ਦੇ ਆਗੂਆਂ ਨੇ ਵੀ ਇਕੱਠ ਨੂੰ ਸੰਬੋਧਿਤ ਕੀਤਾ।

About Author

Leave A Reply

WP2Social Auto Publish Powered By : XYZScripts.com