Friday, May 9

ਹਲਵਾਰਾ ਵਿਖੇ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ, ਯਾਦਗਾਰੀ ਭਾਸ਼ਨ ਤੇ ਕਵੀ ਦਰਬਾਰ 14 ਅਕਤੂਬਰ ਨੂੰ ਹੋਵੇਗਾ- ਪ੍ਰੋਃ.ਗੁਰਭਜਨ ਗਿੱਲ

ਲੁਧਿਆਣਾਃ (ਸੰਜੇ ਮਿੰਕਾ) -ਕਾਮਰੇਡ ਰਤਨ ਸਿੰਘ ਆਲਮੀ ਸਾਹਿਤ ਕਲਾ ਕੇਂਦਰ ਅਤੇ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ (ਇਪਸਾ) ਵੱਲੋਂ ਹਰ ਸਾਲ ਦਿੱਤਾ ਜਾਂਦਾ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਇਸ ਸਾਲ ਲਈ ਸਿਰਕੱਢ ਪੰਜਾਬੀ ਸ਼ਾਇਰ ਸੰਤ ਸੰਧੂ ਨੂੰ 14 ਅਕਤੂਬਰ ਨੂੰ ਗੁਰੂ ਰਾਮ ਦਾਸ ਕਾਲਿਜ ਪੱਖੋਵਾਲ ਰੋਡ ਹਲਵਾਰਾ ਵਿਖੇ ਸਵੇਰੇ 10.30 ਵਜੇ ਦਿੱਤਾ ਜਾਏਗਾ। ਇਹ ਜਾਣਕਾਰੀ ਸਮਾਗਮ ਦੇ ਪ੍ਰਬੰਧਕ ਗੁਰਭਜਨ ਗਿੱਲ, ਡਾਃ ਜਗਵਿੰਦਰ ਜੋਧਾ ਤੇ ਡਾਃ ਨਿਰਮਲ ਜੌੜਾ ਨੇ ਦਿੱਤੀ ਹੈ। ਪ੍ਰੋਃ ਗੁਰਭਜਨ ਗਿੱਲ ਨੇ ਦੱਸਿਆ ਕਿ ਤਲਵੰਡੀ ਸਲੇਮ (ਜਲੰਧਰ) ਵਿਖੇ 1945 ਚ ਜਨਮੇ  ਸੰਤ ਸੰਧੂ ਦਾ ਪਹਿਲਾ ਕਾਵਿ ਸੰਗ੍ਰਹਿ ਸੀਸ ਤਲੀ ‘ਤੇ 1970 ਵਿੱਚ ਪਾਸ਼ ਦੀ ਪੁਸਤਕ ਲੋਹ ਕਥਾ ਦੇ ਨਾਲ ਹੀ  ਛਪਿਆ ਸੀ। ਸੰਤ ਸੰਧੂ ਹੁਣ ਤੀਕ ਸੱਤ ਕਾਵਿ ਪੁਸਤਕਾਂ ਦੀ ਰਚਨਾ ਕਰ ਚੁਕੇ ਹਨ। ਇਸ ਪੁਰਸਕਾਰ ਵਿੱਚ ਇੱਕੀ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਤੇ ਦੋਸ਼ਾਲਾ ਵੀ ਦਿੱਤਾ ਜਾਵੇਗਾ। ਪ੍ਰੋਃ ਗਿੱਲ ਨੇ ਦੱਸਿਆ ਕਿ ਸੰਤ ਸੰਧੂ ਕਵਿਤਾ ਦੇ ਖੇਤਰ ਵਿਚ ਸੰਤ ਸੰਧੂ ਆਪਣੀ ਸਹਿਜ ਤੋਰੇ ਲਗਾਤਾਰ ਤੁਰਦਾ ਰਿਹਾ ਹੈ। ‘ ਸੀਸ ਤਲ਼ੀ ‘ਤੇ  ਤੋਂ ਬਾਅਦ ਉਸ ਦੀਆਂ ਕਾਵਿ ਪੁਸਤਕਾਂ ਬਾਂਸ ਦੀ ਅੱਗ’, ‘ਪੁਲ਼ ਮੋਰਾਂ’, ‘ ਨਹੀਂ ਖਲਕ ਦੀ ਬੰਦ ਜ਼ੁਬਾਨ ਹੁੰਦੀ (ਵਿਅੰਗ ਬੋਲੀਆਂ)ਅਨੰਦਪੁਰ ਮੇਲ’ ਅਤੇ ‘ਸ਼ਾਹੀਨ ਬਾਗ਼’  ਛਪ ਚੁੱਕੀਆਂ ਹਨ। ਇਸ ਸਮਾਗਮ ਵਿੱਚ ਡਾਃ ਜਗਵਿੰਦਰ ਜੋਧਾ ਸੰਤ ਸੰਧੂ ਦੀ ਕਾਵਿ ਸਿਰਜਣਾ ਬਾਰੇ ਖੋਜ ਪੱਤਰ ਪੜ੍ਹਨਗੇ ਜਦ ਕਿ ਪ੍ਰੋਃ ਗੋਪਾਲ ਸਿੰਘ ਬੁੱਟਰ ਸੰਤ ਸੰਧੂ ਦੇ ਜੀਵਨ ਤੇ ਸ਼ਖਸੀਅਤ ਬਾਰੇ ਸੰਬੋਧਨ ਕਰਨਗੇ। ਇਸ ਮੌਕੇ ਵਿਸ਼ਾਲ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਲਖਵਿੰਦਰ ਜੌਹਲ (ਜਲੰਧਰ) ਸੁਰਿੰਦਰ ਸਿੰਘ ਸੁੱਨੜ (ਕੈਲੇਫੋਰਨੀਆ) ਅਮਰੀਕਾ,ਬੂਟਾ ਸਿੰਘ ਚੌਹਾਨ (ਬਰਨਾਲਾ) ,ਗੁਰਤੇਜ ਕੋਹਾਰਵਾਲਾ (ਫੀਰੋਜ਼ਪੁਰ),ਹਰਮੀਤ ਵਿਦਿਆਰਥੀ ( ਫੀਰੋਜ਼ਪੁਰ)ਅਮਰੀਕ ਡੋਗਰਾ (ਗੜ੍ਹਦੀਵਾਲਾ),ਹਰਵਿੰਦਰ (ਚੰਡੀਗੜ੍ਹ) ,ਗੁਰਚਰਨ ਕੌਰ ਕੋਚਰ (ਲੁਧਿਆਣਾ) ,ਮੁਕੇਸ਼ ਆਲਮ (ਲੁਧਿਆਣਾ) ,ਤਰਸੇਮ ਨੂਰ (ਲੁਧਿਆਣਾ),ਨਰਿੰਦਰਪਾਲ ਕੰਗ( ਜਲੰਧਰ) ,ਧਰਮਿੰਦਰ ਸ਼ਾਹਿਦ ( ਖੰਨਾ),ਕਰਨਜੀਤ ਸਿੰਘ (ਨਕੋਦਰ) ਕੰਵਲਜੀਤ ਕੌਰ ਢਿੱਲੋਂ (ਹਲਵਾਰਾ) ਤੇ ਸ ਨਸੀਮ (ਮਾਛੀਵਾੜਾ) ਸ਼ਾਮਿਲ ਹੋਣਗੇ। ਕਵੀ ਦਰਬਾਰ ਦਾ ਮੰਚ ਸੰਚਾਲਨ ਪ੍ਰਸਿੱਧ ਕਵੀ ਪ੍ਰਭਜੋਤ ਸਿੰਘ ਸੋਹੀ ਕਰਨਗੇ। ਸਮੁੱਚੇ ਸਮਾਗਮ ਨੂੰ ਮਾਲਵਾ ਟੀ ਵੀ ਵੱਲੋਂ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਡਾਃ ਨਿਰਮਲ ਜੌੜਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਹਰਭਜਨ ਹਲਵਾਰਵੀ ਦੀਆਂ ਉਨ੍ਹਾਂ ਦੇ ਨਿੱਕੇ ਵੀਰ ਤੇ ਇਤਿਹਾਸਕਾਰ ਡਾਃ ਨਵਤੇਜ ਸਿੰਘ ਵੱਲੋਂ ਸੰਪਾਦਿਤ ਤਿੰਨ ਵਾਰਤਕ ਪੁਸਤਕਾਂ  ਨੂੰ ਲੋਕ ਅਰਪਨ ਕੀਤਾ ਜਾਵੇਗਾ। ਟਰਸਟ ਦੇ ਬੁਲਾਰੇ ਪ੍ਰਿੰਸੀਪਲ ਤੇ ਡਾਇਰੈਕਟਰ ਸਃ ਰਣਜੀਤ ਸਿੰਘ ਧਾਲੀਵਾਲ ਤੇ ਮਨਜਿੰਦਰ ਧਨੋਆ ਨੇ ਦੱਸਿਆ ਕਿ ਸਮਾਗਮ ਵਿੱਚ ਡਾਃ ਸੁਮੇਲ ਸਿੰਘ ਸਿੱਧੂ  ਕਾਮਰੇਡ ਰਤਨ ਸਿੰਘ ਯਾਦਗਾਰੀ ਵਿਸ਼ੇਸ਼ ਭਾਸ਼ਨ ਕਰਨਗੇ।  ਮੁੱਖ ਮਹਿਮਾਨ ਵਜੋਂ ਡਾਃ ਸੁਖਪਾਲ ਸਿੰਘ ਚੇਅਰਮੈਨ, ਪੰਜਾਬ ਰਾਜ ਕਿਸਾਨ ਕਮਿਸ਼ਨ ਪੁੱਜਣਗੇ ਜਦ ਕਿ ਗੁਰੂ ਕਾਸ਼ੀ ਯੂਨੀਃ ਦੇ ਸਾਬਕਾ ਪਰੋ ਵਾਈਸ ਚਾਂਸਲਰ ਡਾਃ ਜਗਪਾਲ ਸਿੰਘ , ਹਰਭਜਨ ਹਲਵਾਰਵੀ ਦਾ ਪਰਿਵਾਰ ਅਤੇ ਕਾਮਰੇਡ ਰਤਨ ਸਿੰਘ ਦਾ ਪਰਿਵਾਰ ਵੀ ਵਿਸ਼ੇਸ਼ ਤੌਰ ਤੇ ਯੂ ਕੇ ਤੋਂ ਸਮਾਗਮ ਲਈ ਪੁੱਜ ਰਿਹਾ ਹੈ।

About Author

Leave A Reply

WP2Social Auto Publish Powered By : XYZScripts.com