Wednesday, March 12

ਉੱਘੇ ਪੰਜਾਬੀ ਕਵੀ ਦੇਵ ਰਾਊਕੇ ਦਾ ਦੇਹਾਂਤ

  • ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾਃ (ਸੰਜੇ ਮਿੰਕਾ) ਰਾਊ ਕੇ (ਮੋਗਾ) ਦੇ ਜੰਮਪਲ ਨਾਮਵਰ  ਕਵੀ ਦੇਵ ਰਾਊਕੇ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਵ ਰਾਊਕੇ ਮੈਥੋਂ ਭਾਵੇਂ ਛੇ ਸਾਲ ਵੱਡੇ ਸਨ ਪਰ ਸਨੇਹ ਦੇਣ ਲੈਣ ਵਿੱਚ ਕਮਾਲ ਦੇ ਇਨਸਾਨ ਸਨ। ਉਹ ਅਕਸਰ ਦੁਖ ਸੁਖ ਤੇ ਖ਼ੁਸ਼ੀ ਗ਼ਮੀ ਦੀ ਭਾਈਵਾਲੀ ਰੱਖਦੇ ਸਨ। ਉਨ੍ਹਾਂ ਦਾ ਦੂਜਾ ਕਾਵਿ ਸੰਗ੍ਰਹਿ ਡਾਃ ਨਿਰਮਲ ਜੌੜਾ ਦੀ ਦਿਲਚਸਪੀ ਕਾਰਨ ਅਸੀਂ ਲੁਧਿਆਣਾ ਵਿੱਚ ਲੋਕ ਅਰਪਨ ਕੀਤਾ ਸੀ। ਪੰਜਾਬੀ ਸਾਹਿਤ ਸਭਾ ਨਿਹਾਲ ਸਿੰਘ ਵਾਲਾ (ਮੋਗਾ)ਦੇ ਉਹ ਪਹਿਲੇ ਜਨਰਲ ਸਕੱਤਰ ਅਤੇ ਪ੍ਰਸਿੱਧ ਸ਼ਾਇਰ ਦੀਪਕ ਜੈਤੋਈ  ਜੀ ਦੇ ਸ਼ਾਗਿਰਦ ਸਨ। ਦੇਵ ਰਾਊਕੇ ਦੇ ਦੋ ਕਾਵਿ ਸੰਗ੍ਰਹਿ ਛਪੇ ਜਿਨ੍ਹਾਂ  ਵਿੱਚੋਂ ਪਹਿਲਾ ਸੰਗ੍ਰਹਿ ਮੇਰੀਆਂ ਗ਼ਜ਼ਲਾਂ ਤੇਰੇ ਗੀਤ 1978 ਚ ਛਪੀ। ਦੂਜੀ ਕਾਵਿ ਕਿਤਾਬ ਪੰਜਾਬ ਆਖਦਾ ਹੈ ਪੰਜਾਬ ਦੇ ਤਪਦੇ  ਦਿਨਾਂ ਬਾਰੇ ਸੀ। ਸਮਰੱਥ ਪੰਜਾਬੀ ਗ਼ਜ਼ਲਗੋਆਂ ਤੇ ਸਾਹਿਤ ਸਭਾਵਾਂ ਦੇ ਸਰਗਰਮ ਆਗੂਆਂ ਵਿੱਚ ਉਨ੍ਹਾਂ ਦਾ ਸਿਰਕੱਢ   ਨਾਮ ਸੀ। ਉਹ ਪੰਜਾਬੀ ਸਾਹਿੱਤ ਅਕਾਡਮੀ ਦਾ ਵੀ ਸਰਗਰਮ ਮੈਬਰ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਉਸ ਦੀ ਸਰਗਰਮੀ ਬਹੁਤ ਘਟੀ ਹੋਈ ਸੀ। ਦੇਵ ਰਾਊਕੇ ਆਪਣੇ ਪਿੱਛੇ ਇਕ ਪੁੱਤਰ ਅਤੇ ਧੀ ਛੱਡ ਗਏ ਹਨ। ਦੇਵ ਰਾਊਕੇ ਦੇ ਸਪੁੱਤਰ ਨਵਕਮਲ ਦੀਪ ਨੇ ਦੱਸਿਆ ਕਿ ਦੇਵ ਰਾਊ ਕੇ  ਦੀ ਤਬੀਅਤ ਅਚਨਚੇਤ ਵਿਗੜਨ ਤੇ ਉਨ੍ਹਾਂ ਨੂੰ  ਡੀ ਐਮ ਹਸਪਤਾਲ  ਨਿਹਾਲ ਸਿੰਘ ਵਾਲਾ (ਮੋਗਾ)ਲਿਜਾਇਆ ਗਿਆ ਜਿੱਥੇ ਮ੍ਰਿਤਕ  ਐਲਾਨ ਕਰ ਦਿੱਤਾ। ਸੇਵਾ ਮੁਕਤ ਸਕੂਲ ਅਧਿਆਪਕ ਦੇਵ ਦੀ ਪਤਨੀ ਤੀਰਥ ਕੌਰ ਦੇ ਅਮਰੀਕਾ ਚੋਂ ਆਉਣ ਮਗਰੋਂ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

About Author

Leave A Reply

WP2Social Auto Publish Powered By : XYZScripts.com