Wednesday, March 12

ਗਲਾਡਾ ਵੱਲੋਂ ਅਣਅਧਿਕਾਰਤ ਕਲੋਨੀਆਂ ‘ਤੇ ਕਾਰਵਾਈ

  • 5 ਨਾਜਾਇਜ਼ ਕਾਲੋਨੀਆਂ ਨੂੰ ਕੀਤਾ ਢਹਿ-ਢੇਰੀ

ਲੁਧਿਆਣਾ,(ਸੰਜੇ ਮਿੰਕਾ) – ਗਲਾਡਾ ਵੱਲੋਂ ਅੱਜ ਵਧੀਕ ਮੁੱਖ ਪ੍ਰਸ਼ਾਸਕ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ  ਦੇ ਹੁਕਮਾਂ ਅਨੁਸਾਰ 5 ਗੈਰ ਕਾਨੂੰਨੀ ਕਲੋਨੀਆਂ ਨੂੰ ਢਾਹ ਦਿੱਤਾ ਹੈ। ਇਨ੍ਹਾਂ ਅਣ-ਅਧਿਕਾਰਤ ਕਲੋਨੀਆਂ ਨੂੰ ਪਹਿਲਾਂ ਹੀ ਪਾਪਰਾ ਐਕਟ 1995 (ਅਮੈਂਡਿਡ ਐਕਟ-2014) ਦੀ ਧਾਰਾ 39 ਅਧੀਨ ਢਾਹੁਣ ਦੇ ਨੋਟਿਸ ਜਾਰੀ ਕੀਤੇ ਜਾ ਚੁੱਕੇ ਸਨ। ਹੁਕਮਾਂ ਅਨੁਸਾਰ ਪੁਲਿਸ ਫੋਰਸ ਦੇ ਨਾਲ ਡਾ. ਬਲਜਿੰਦਰ ਸਿੰਘ ਢਿੱਲੋਂ, ਅਸਟੇਟ ਅਫ਼ਸਰ (ਰੈਗੂਲੇਟਰੀ) ਗਲਾਡਾ ਅਤੇ 3 ਜੇ.ਈਜ਼ ਅਤੇ ਡਿਊਟੀ ਮੈਜਿਸਟ੍ਰੇਟ ਸ੍ਰੀਮਤੀ ਮਨਵੀਰ ਕੌਰ ਸਿੱਧੂ (ਨਾਇਬ ਤਹਿਸੀਲਦਾਰ, ਸਾਹਨੇਵਾਲ) ਸਮੇਤ ਚਾਰ ਐਸ.ਡੀ.ਈਜ਼ ਗਲਾਡਾ ਦੀ ਦੇਖ-ਰੇਖ ਹੇਠ ਇੱਕ ਵਿਸ਼ੇਸ਼ ਡਿਮੋਲੇਸ਼ਨ ਟੀਮ ਗਠਿਤ ਕੀਤੀ ਗਈ ਹੈ। ਅਣ-ਅਧਿਕਾਰਤ ਕਲੋਨੀਆਂ ਨੂੰ ਢਹਿ-ਢੇਰੀ ਕਰਨ ਸਬੰਧੀ ਮੁਹਿੰਮ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਆਈ.ਏ.ਐਸ. ਮੁੱਖ ਪ੍ਰਸ਼ਾਸਕ ਗਲਾਡਾ, ਲੁਧਿਆਣਾ ਦੁਆਰਾ ਗੁਪਤ ਰੂਪ ਵਿੱਚ ਯੋਜਨਾਬੱਧ ਕੀਤੀ ਗਈ। ਇਸ ਕਾਰਵਾਈ ਵਿੱਚ ਗਲਾਡਾ ਵੱਲੋਂ 3 ਪਿੰਡਾਂ ਜਸਪਾਲ ਬਾਂਗਰ, ਧਰੋੜ ਅਤੇ ਮਜਾਰਾ ਦੀਆਂ 5 ਕਲੋਨੀਆਂ ਨੂੰ ਢਾਹਿਆ ਗਿਆ ਹੈ। ਗਲਾਡਾ ਵਲੋਂ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਅਣਅਧਿਕਾਰਤ ਕਲੋਨੀਆਂ ‘ਤੇ ਕਾਰਵਾਈ ਕਰਨ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ। ਮੁੱਖ ਪ੍ਰਸ਼ਾਸਕ ਗਲਾਡਾ ਵੱਲੋਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਣਅਧਿਕਾਰਤ ਕਲੋਨੀਆਂ ਵਿੱਚ ਜਾਇਦਾਦ/ਪਲਾਟ/ਬਿਲਡਿੰਗ ਨਾ ਖਰੀਦਣ ਕਿਉਂਕਿ ਗਲਾਡਾ ਕੋਈ ਵੀ ਸਹੂਲਤ ਜਿਵੇਂ ਕਿ ਵਾਟਰ ਸਪਲਾਈ, ਸੀਵਰੇਜ, ਬਿਜਲੀ ਕੁਨੈਕਸ਼ਨ, ਸਟਰੀਟ ਲਾਈਟਾਂ ਆਦਿ ਪ੍ਰਦਾਨ ਨਹੀਂ ਕਰੇਗਾ।

About Author

Leave A Reply

WP2Social Auto Publish Powered By : XYZScripts.com