Wednesday, March 12

ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਆਟੋ ਰਿਕਸ਼ਾ ਯੂਨੀਅਨ ਨਾਲ ਗੱਲਬਾਤ ਕਰਦਿਆਂ, ਸਮੱਸਿਆਵਾਂ ਨੂੰ ਸੁਣਿਆ

  • ਯੂਨੀਅਨ ਦੀ 5 ਮੈਂਬਰੀ ਕਮੇਟੀ ਦੀ, ਟ੍ਰਾਂਸਪੋਰਟ ਮੰਤਰੀ ਨਾਲ ਜਲਦ ਹੋਵੇਗੀ ਮੁਲਾਕਾਤ
  • ਵਿਧਾਇਕ ਗੋਗੀ ਵੱਲੋਂ ਆਟੋ ਚਾਲਕਾਂ ਨੂੰ ਵਿਸ਼ੇਸ਼ ਅਪੀਲ, ਪ੍ਰਦੂਸ਼ਣ ਦੀ ਰੋਕਥਾਮ ਲਈ ਪ੍ਰਸ਼ਾਸ਼ਨ ਦਾ ਕਰਨ ਸਹਿਯੋਗ
  • ਆਟੋ ਚਾਲਕਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਵਿਧਾਇਕ ਗੋਗੀ ਨੂੰ ਮੰਗ ਪੱਤਰ ਵੀ ਦਿੱਤਾ

ਲੁਧਿਆਣਾ, (ਸੰਜੇ ਮਿੰਕਾ) – ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਲੁਧਿਆਣਾ ਆਟੋ ਰਿਕਸ਼ਾ ਯ{ਨੀਅਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਜਲਦ ਹੱਲ ਕਰਨ ਦਾ ਵੀ ਭਰੋਸਾ ਦਿੱਤਾ। ਯੂਨੀਅਨ ਦੀ 5 ਮੈਂਬਰੀ ਕਮੇਟੀ ਦੀ ਜਲਦ ਟ੍ਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨਾਲ ਮੀਟਿੰਗ ਵੀ ਕਰਵਾਈ ਜਾਵੇਗੀ। ਇਸ ਮੌਕੇ ਆਟੋ ਰਿਕਸ਼ਾ ਯ{ਨੀਅਨ ਵੱਲੋਂ ਵਿਧਾਇਕ ਸ੍ਰੀ ਗੋਗੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਯੂਨੀਅਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ, ਉਨ੍ਹਾਂ ਦੀ ਆਪਣੀ ਸਰਕਾਰ ਹੈ ਅਤੇ ਟ੍ਰਾਂਸਪੋਰਟ ਵਿਭਾਗ ਨਾਲ ਸਬੰਧਤ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਨਿਬੇੜੇ ਲਈ ਵਚਨਬੱਧ ਹੈ ਅਤੇ ਅਜਿਹਾ ਕੋਈ ਵੀ ਕੰਮ ਨਹੀਂ ਹੋਵੇਗਾ ਜਿਸ ਨਾਲ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਹੋਵੇ। ਵਿਧਾਇਕ ਗੋਗੀ ਵੱਲੋਂ ਆਟੋ ਚਾਲਕਾਂ ਨੂੰ ਰਾਹਤ ਦੇਣ ਦੇ ਮੰਤਵ ਨਾਲ, ਮੌਕੇ ‘ਤੇ ਹੀ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਅਤੇ ਸੰਯੁਕਤ ਪੁਲਿਸ ਕਮਿਸ਼ਨਰ ਨਾਲ ਵੀ ਗੱਲਬਾਤ ਕੀਤੀ ਗਈ। ਵਿਧਾਇਕ ਗੋਗੀ ਵੱਲੋਂ ਆਟੋ ਚਾਲਕਾਂ ਦੀ ਵੱਖ-ਵੱਖ ਮੰਗਾਂ ‘ਤੇ ਵਿਚਾਰ ਵਟਾਂਦਰੇ ਕੀਤੇ ਗਏ ਜਿਨ੍ਹਾਂ ਵਿੱਚ ਆਟੋ ਰਿਕਸ਼ਾ ਦਾ ਲਾਇਸੰਸ ਬਣਾਉਣਾ, ਪੈਂਡਿੰਗ ਚਾਲਾਨ, ਆਟੋ ਰਿਕਸ਼ਾ ਸਟੈਂਡ ਆਦਿ ਸ਼ਾਮਲ ਹਨ। ਪੈਂਡਿੰਗ ਚਾਲਾਨਾਂ ਸਬੰਧੀ ਵਿਧਾਇਕ ਸ੍ਰੀ ਗੋਗੀ ਨੇ ਕਿਹਾ ਕਿ ਪੰਜਾਬ ਸਰਕਾਰ ਜਲਦ ‘ਵਨ ਟਾਈਮ ਸੈਟਲਮੈਂਟ’ ਪਾਲਿਸੀ ਲੈ ਕੇ ਆਵੇਗੀ ਜਿਸ ਤਹਿਤ ਪੈਂਡਿੰਗ ਚਾਲਾਨਾਂ ਦਾ ਨਿਪਟਾਰਾ ਕੀਤਾ ਜਾਵੇਗਾ। ਵਿਧਾਇਕ ਗੋਗੀ ਵੱਲੋਂ ਆਟੋ ਰਿਕਸ਼ਾ ਚਾਲਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਲੁਧਿਆਣਾ ਸ਼ਹਿਰ ਦੇ ਪ੍ਰਦੂਸ਼ਣ ਘਟਾਉਣ ਵਿੱਚ ਵੀ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੇ ਆਟੋ ਰਿਕਸ਼ਾ ਦੀ ਬਜਾਏ ਸੀ.ਐਨ.ਜੀ. ਵਾਲੇ ਜਾਂ ਈ-ਰਿਕਸ਼ਾ ਨੂੰ ਤਵੱਜੋ ਦਿੱਤੀ ਜਾਵੇ ਜੋਕਿ ਸ਼ਹਿਰ ਦਾ ਪ੍ਰਦੂਸ਼ਣ ਪੱਧਰ ਘਟਾਉਣ ਵਿੱਚ ਸਹਾਈ ਸਿੱਧ ਹੋਣਗੇ। ਲੁਧਿਆਣਾ ਆਟੋ ਰਿਕਸ਼ਾ ਯੂਨੀਅਨ ਵੱਲੋਂ ਵੀ ਵਿਧਾਇਕ ਸ੍ਰੀ ਗੋਗੀ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਹਰ ਸੰਭਵ ਸਹਿਯੌਗ ਲਈ ਤੱਤਪਰ ਹਨ ਅਤੇ ਉਨ੍ਹਾਂ ਵਿਧਾਇਕ ਸ੍ਰੀ ਗੋਗੀ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਇਸ ਔਖੀ ਘੜੀ ਵਿੱਚ ਗਰੀਬ ਆਟੋ ਚਾਲਕਾਂ ਦੀ ਬਾਂਹ ਫੜੀ ਹੈ। ਵਿਧਾਇਕ ਗੋਗੀ ਦੇ ਭਰੋਸੇ ਤੋਂ ਬਾਅਦ ਆਟੋ ਰਿਕਸ਼ਾ ਚਾਲਕਾਂ ਦਾ ਇਕੱਠ, ਉਨ੍ਹਾਂ ਦੇ ਹੱਕ ਵਿੱਚ ਨਾਅਰੇਬਾਜੀ ਕਰਦਾ ਵਾਪਿਸ ਪਰਤ ਗਿਆ।

About Author

Leave A Reply

WP2Social Auto Publish Powered By : XYZScripts.com