
ਲੁਧਿਆਣਾ, (ਸੰਜੇ ਮਿੰਕਾ) : ਪੰਜਾਬ ਤੋਂ ਮੈਂਬਰ ਪਾਰਲੀਮੈਂਟ ਸ਼੍ਰੀ ਸੰਜੀਵ ਅਰੋੜਾ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨਾਲ ਰਾਸ਼ਟਰਪਤੀ ਭਵਨ ਦਿੱਲੀ ਵਿਖੇ ਮੁਲਾਕਾਤ ਕੀਤੀ। ਸ਼੍ਰੀ ਅਰੋੜਾ ਨੇ ਇਸ ਮੁਲਾਕਾਤ ਨੂੰ “ਸ਼ਿਸ਼ਟਾਚਾਰ ਭੇਂਟ” ਕਰਾਰ ਦਿੱਤਾ। ਆਪਣੀ ਮੁਲਾਕਾਤ ਦੌਰਾਨ ਉਨ੍ਹਾਂ ਨੇ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੂੰ ਭਾਰਤ ਦਾ ਰਾਸ਼ਟਰਪਤੀ ਚੁਣੇ ਜਾਣ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਰਾਸ਼ਟਰਪਤੀ ਨੂੰ ਆਪਣੇ ਬਾਰੇ, ਆਪਣੇ ਕੰਮਾਂ ਅਤੇ ਸਮਾਜਿਕ ਅਤੇ ਹੋਰ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕੁਝ ਮੌਜੂਦਾ ਮੁੱਦਿਆਂ ‘ਤੇ ਚਰਚਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿੱਥੇ ਤੱਕ ਸਿਹਤ ਖੇਤਰ ਦਾ ਸਬੰਧ ਹੈ ਦੇਸ਼ ਨੂੰ ਕੁਝ ਫੌਰੀ ਸੁਧਾਰਾਂ ਦੀ ਲੋੜ ਹੈ। ਉਨ੍ਹਾਂ ਨੇ ਧਿਆਨ ਦਿਵਾਇਆ ਕਿ ਹਰ ਭਾਰਤੀ ਲਈ ਸਸਤੀ ਸਿਹਤ ਸੰਭਾਲ ਉਪਲਬਧ ਕਰਾਉਣ ਦੀ ਸਖ਼ਤ ਲੋੜ ਹੈ, ਖਾਸ ਕਰਕੇ ਹਸਪਤਾਲਾਂ ਵਿੱਚ ਅੰਦਰੂਨੀ ਮਰੀਜ਼ਾਂ ਲਈ। ਉਨ੍ਹਾਂ ਦੇਸ਼ ਭਰ ਵਿੱਚ ਕੈਂਸਰ ਵਰਗੀਆਂ ਵੱਧ ਰਹੀਆਂ ਭਿਆਨਕ ਬਿਮਾਰੀਆਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਮਾਣਯੋਗ ਰਾਸ਼ਟਰਪਤੀ ਨੂੰ ਉਨ੍ਹਾਂ ਦੁਆਰਾ ਚਲਾਏ ਜਾ ਰਹੇ “ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ” ਨਾਮਕ ਚੈਰੀਟੇਬਲ ਟਰੱਸਟ ਬਾਰੇ ਵੀ ਜਾਣਕਾਰੀ ਦਿੱਤੀ। ਇਹ ਟਰੱਸਟ ਉਨ੍ਹਾਂ ਦੇ ਮਾਤਾ-ਪਿਤਾ ਦੇ ਨਾਂ ‘ਤੇ ਹੈ ਅਤੇ ਇਸ ਨੇ ਲਗਭਗ 170 ਕੈਂਸਰ ਦੇ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਹੈ। ਸ਼੍ਰੀ ਅਰੋੜਾ ਨੇ ਟਿੱਪਣੀ ਕੀਤੀ, “ਮਾਨਯੋਗ ਰਾਸ਼ਟਰਪਤੀ, ਸ਼੍ਰੀਮਤੀ ਦ੍ਰੋਪਦੀ ਮੁਰਮੂ ਨਿਮਰ ਪਿਛੋਕੜ ਤੋਂ ਇੱਕ ਮਧੁਰ ਅਤੇ ਜ਼ਮੀਨ ਨਾਲ ਜੁੜੀ ਸ਼ਖਸੀਅਤ ਹਨ।” ਉਹ ਨਿੱਜੀ ਅਤੇ ਜਨਤਕ ਜੀਵਨ ਵਿੱਚ ਆਪਣੇ ਸੰਘਰਸ਼ ਦੁਆਰਾ ਸਾਡੇ ਦੇਸ਼ ਵਿੱਚ ਸਭ ਤੋਂ ਉੱਚੇ ਮੁਕਾਮ ਤੱਕ ਪਹੁੰਚੇ ਹਨ।