ਲੁਧਿਆਣਾ, (ਸੰਜੇ ਮਿੰਕਾ) : ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਅੱਜ ਦਿੱਲੀ ਵਿਖੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਨਾਲ ਮੁਲਾਕਾਤ ਕਰਕੇ ਸਾਹਨੇਵਾਲ ਹਵਾਈ ਅੱਡੇ ਤੋਂ ਹਲਵਾਰਾ ਹਵਾਈ ਅੱਡੇ ਦੇ ਕੰਮ ਸ਼ੁਰੂ ਹੋਣ ਤੱਕ ਲੁਧਿਆਣਾ-ਦਿੱਲੀ ਦਰਮਿਆਨ ਉਡਾਣਾਂ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰਨ ਦੀ ਬੇਨਤੀ ਕੀਤੀ। ਅੱਜ ਇੱਥੇ ਇੱਕ ਬਿਆਨ ਵਿੱਚ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਸਾਹਨੇਵਾਲ ਹਵਾਈ ਅੱਡੇ ਤੋਂ ਲੁਧਿਆਣਾ ਅਤੇ ਦਿੱਲੀ ਦਰਮਿਆਨ ਉਡਾਣਾਂ ਮਹਾਂਮਾਰੀ ਤੋਂ ਪਹਿਲਾਂ ਚੱਲ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਸ਼ਹਿਰ ਲਈ ਕੋਈ ਵੀ ਫਲਾਈਟ ਨਾ ਚੱਲਣ ਕਾਰਨ ਸਥਾਨਕ ਵਪਾਰਕ ਭਾਈਚਾਰਾ ਅਤੇ ਆਮ ਜਨਤਾ ਬੁਰੀ ਤਰ੍ਹਾਂ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਬੇਨਤੀ ‘ਤੇ ਗੌਰ ਕਰਨਗੇ ਅਤੇ ਕਿਤੇ ਨਾ ਕਿਤੇ ਉਹ ਇਹ ਯਕੀਨੀ ਬਣਾਉਣਗੇ ਕਿ ਕੁਨੈਕਟੀਵਿਟੀ ਕੀਤੀ ਜਾਵੇ ਤਾਂ ਜੋ ਫਲਾਈਟ ਚਾਲੂ ਹੋ ਸਕੇ। ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨਾਲ ਹਲਵਾਰਾ ਹਵਾਈ ਅੱਡੇ ਬਾਰੇ ਵੀ ਚਰਚਾ ਕੀਤੀ ਹੈ। ਕੇਂਦਰੀ ਮੰਤਰੀ ਨੇ ਆਪਣੇ ਸਬੰਧਤ ਸਟਾਫ਼ ਨੂੰ ਹਦਾਇਤ ਕੀਤੀ ਕਿ ਹਲਵਾਰਾ ਟਰਮੀਨਲ ਦਾ ਕੰਮ ਤੁਰੰਤ ਸ਼ੁਰੂ ਕਰਕੇ ਰਿਕਾਰਡ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ। ਇਸ ਦੌਰਾਨ ਅਰੋੜਾ ਨੇ ਸ਼ਹਿਰੀ ਹਵਾਬਾਜ਼ੀ ਸਕੱਤਰ ਰਾਜੀਵ ਬਾਂਸਲ ਨਾਲ ਵੀ ਮੁਲਾਕਾਤ ਕੀਤੀ ਅਤੇ ਸਾਹਨੇਵਾਲ ਫਲਾਈਟ ਅਤੇ ਹਲਵਾਰਾ ਏਅਰਪੋਰਟ ਦੋਵਾਂ ਬਾਰੇ ਚਰਚਾ ਕੀਤੀ।
Previous Articleਡੀ.ਬੀ.ਈ.ਈ. ਵਿਖੇ ਭਲਕੇ ਪਲੇਸਮੈਂਟ ਕੈਂਪ ਦਾ ਆਯੋਜਨ