- ਇਹ ਸਪੈਸ਼ਲ ਚੈਕਿੰਗ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਾਰੀ ਰਹੇਗੀ – ਸਕੱਤਰ ਆਰ.ਟੀ.ਏ. ਧਾਲੀਵਾਲ ਅਤੇ ਜੇ.ਸੀ.ਪੀ. ਟ੍ਰੈਫਿਕ ਗੁਰਦਿਆਲ ਸਿੰਘ
ਲੁਧਿਆਣਾ, (ਸੰਜੇ ਮਿੰਕਾ) – ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਿਯਮਾਂ ਦੀ ਉਲੰਘਣਾ ਕਰ ਰਹੇ ਟਰਾਂਸਪੋਰਟ ਵਾਹਨਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਮੰਤਵ ਨਾਲ ਇੱਕ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ, ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਵਾਹਨਾਂ ਦੇ ਚਾਲਾਨ ਕਰਦਿਆਂ 3 ਬੱਸਾਂ ਅਤੇ ਇੱਕ ਟਰੱਕ ਨੂੰ ਬੰਦ ਕੀਤਾ ਗਿਆ। ਸਥਾਨਕ ਸ਼ੇਰਪੁਰ ਚੌਂਕ ਵਿਖੇ ਵਿਸ਼ੇਸ ਨਾਕਾਬੰਦੀ ਦੌਰਾਨ ਸਕੱਤਰ ਰਿਜ਼ਨਲ ਟ੍ਰਾਂਸਪੋਰਟ ਅਥਾਰਟੀ (ਆਰ.ਟੀ.ਏ.) ਲੁਧਿਆਣਾ ਸ. ਨਰਿੰਦਰ ਸਿੰਘ ਧਾਲੀਵਾਲ ਦੇ ਨਾਲ ਸੰਯੁਕਤ ਕਮਿਸ਼ਨਰ ਪੁਲਿਸ (ਟ੍ਰੈਫਿਕ) ਸ. ਗੁਰਦਿਆਲ ਸਿੰਘ, ਏ.ਸੀ.ਪੀ. (ਟ੍ਰੈਫਿਕ) ਸ. ਗੁਰਪ੍ਰੀਤ ਸਿੰਘ, ਜਨਰਲ ਮੈਨੇਜ਼ਰ ਪੰਜਾਬ ਰੋਡਵੇਜ਼ ਸ੍ਰੀ ਨਵਰਾਜ ਬਾਤਿਸ਼ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜ਼ਿਲ੍ਹੇ ਵਿੱਚ ਟੂਰਿਸਟ ਬੱਸਾਂ ਸਮੇਤ ਟਰਾਂਸਪੋਰਟ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਵੱਡੀ ਗਿਣਤੀ ਵਿੱਚ ਨਾਕੇ ‘ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਚੈਕਿੰਗ ਦੌਰਾਨ ਨਿਯਮਾਂ ਦੇ ਵਿਰੁੱਧ ਚੱਲਣ ਵਾਲੇ ਕਰੀਬ 30 ਵਾਹਨਾਂ ਦੇ ਚਾਲਾਨ ਕੱਟੇ ਗਏ ਜਿਨ੍ਹਾਂ ਵਿੱਚ 3 ਬੱਸਾਂ ਅਤੇ ਇੱਕ ਟਰੱਕ ਨੂੰ ਵੀ ਬੰਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਚੈਕਿੰਗ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਾਰੀ ਰਹੇਗੀ ਅਤੇ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੁਆਰਾ ਪਰਮਿਟ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿਹਾ ਹੈ ਕਿ ਕਿਸੇ ਨੂੰ ਵੀ ਗੈਰ ਕਾਨੂੰਨੀ ਢੰਗ ਨਾਲ ਟ੍ਰਾਂਸਪੋਰਟ ਵਾਹਨਾਂ ਨੂੰ ਚਲਾਉਣ ਦੀ ਆਗਿਆ ਨਹੀਂ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ।