Friday, May 9

ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ‘ਚ ਨੌਜਵਾਨਾਂ ਵੱਲੋਂ ਭਾਰੀ ਉਤਸ਼ਾਹ

  • ਖੇਡ ਮੈਦਾਨਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ, ਖਿਡਾਰੀ ਆਪਣੀ ਖੇਡ ਕਲਾ ਦੇ ਵਿਖਾ ਰਹੇ ਜੌਹਰ
  •  ਅੱਜ ਦੇ ਮੁਕਾਬਲਿਆਂ ‘ਚ ਕਰੀਬ 350 ਖਿਡਾਰੀਆਂ ਨੇ ਕੀਤੀ ਸ਼ਮੂਲੀਅਤ

ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2022 ਵਿੱਚ ਪੰਜਾਬ ਭਰ ਦੇ ਸਮੂਹ ਜ਼ਿਲ੍ਹਿਆਂ ਵਿੱਚ ਨੌਜਵਾਨਾਂ ਵੱਲੋਂ ਬੜੇ ਹੀ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ। ਖੇਡ ਮੈਦਾਨਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖਿਡਾਰੀ ਆਪਣੀ ਖੇਡ ਕਲਾ ਦੇ ਜੌਹਰ ਵਿਖਾ ਰਹੇ ਹਨ। ਜ਼ਿਲ੍ਹਾ ਲੁਧਿਆਣਾ ਦੇ 14 ਬਲਾਕਾਂ ਵਿੱਚ ਅੱਜ 5ਵੇਂ ਦਿਨ 40-50 ਅਤੇ 50 ਤੋ ਉਪਰ ਉਮਰ ਵਰਗ ਵਿੱਚ ਐਥਲੈਟਿਕਸ ਅਤੇ ਵਾਲੀਵਾਲ ਖੇਡ (ਸਿਰਫ 2 ਖੇਡਾਂ) ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਕਰੀਬ 350 ਖਿਡਾਰੀਆਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਦੌਰਾਨ ਪੰਜਾਬ ਸਰਕਾਰ ਦੇ ਵੱਖ-ਵੱਖ ਨੁਮਾਇੰਦਿਆਂ ਵੱਲੋਂ ਵੱਖ-ਵੱਖ ਬਲਾਕਾਂ ਵਿੱਚ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਅਗੋਂ ਹੋਰ ਡੱਟ ਕੇ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਜ਼ਿਲ੍ਹਾ ਖੇਡ ਅਫ਼ਸਰ ਲੁਧਿਆਣਾ ਸ੍ਰੀ ਰਵਿੰਦਰ ਸਿੰਘ ਵੱਲੋਂ ਖਿਡਾਰੀਆਂ ਨੂੰ ਖੇਡਾਂ ਦੀ ਅਹਿਮੀਅਤ ਬਾਰੇ ਦੱਸਦੇ ਹੋਏ ਇਸ ਟੂਰਨਾਮੈਂਟ ਵਿੱਚ ਇਮਾਨਦਾਰੀ, ਲਗਨ ਅਤੇ ਖੇਡ ਭਾਵਨਾ ਨਾਲ ਖੇਡਣ ਅਤੇ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਦਾ ਸੰਦੇਸ਼ ਦਿੱਤਾ। ਇਹ ਬਲਾਕ ਪੱਧਰੀ ਟੂਰਨਾਮੈਂਟ ਮਿਤੀ 1 ਸਤੰਬਰ ਤੋਂ 7 ਸਤੰਬਰ ਤੱਕ ਵੱਖ-ਵੱਖ ਖੇਡ ਮੈਦਾਨਾਂ ਵਿਖੇ ਜਿਲ੍ਹਾ ਪ੍ਰਸ਼ਾਸ਼ਨ ਅਤੇ ਖੇਡ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਪਹਿਲੇ ਨੰਬਰ ‘ਤੇ ਆਉਣ ਵਾਲੀਆਂ ਟੀਮਾਂ ਅਤੇ ਖਿਡਾਰੀਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਬਲਾਕ ਲੁਧਿਆਣਾ-2 ਵਿੱਚ ਐਥਲੈਟਿਕਸ 41 ਤੋਂ 50 ਸਾਲ ਉਮਰ ਵਗਰ ਵਿੱਚ 100 ਮੀ (ਔਰਤਾਂ) ‘ਚ ਹਰਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ 400 ਮੀ (ਪੁਰਸ਼) ਵਿੱਚ ਦਲੀਪ ਕੁਮਾਰ, 10 ਮੀਟਰ (ਪੁਰਸ਼) ਵਿੱਚ ਗੁਰਦੀਪ ਸਿੰਘ ਲੈਕ ਨੇ ਬਾਜੀ ਮਾਰੀ। ਇਸ ਤੋਂ ਇਲਾਵਾ 50 ਤੋਂ ਉਪਰ 100 ਮੀ (ਪੁਰਸ਼) ਵਰਗ ਵਿੱਚ ਮੱਖਣ ਸਿੰਘ ਅਤੇ (ਔਰਤਾਂ) ‘ਚ ਜਸਵਿੰਦਰ ਕੌਰ ਅੱਵਲ ਰਹੇ। ਖੰਨਾ ਬਲਾਕ, ਐਥਲੈਟਿਕਸ 40 ਤੋਂ 50 ਸਾਲ 200, 400, 800, 1500 ਮੀ (ਪੁਰਸ਼) ਵਿੱਚ ਕ੍ਰਮਵਾਰ ਬਲਦੇਵ ਸਿੰਘ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਸੁਰਿੰਦਰ ਕੁਮਾਰ ਪਹਿਲੇ ਸਥਾਨ ‘ਤੇ ਰਹੇ। 50 ਤੋਂ ਉਪਰ ਵਿੱਚ 100 ਮੀ, 400, 800, 3000 ਮੀ (ਪੁਰਸ਼) ਵਿੱਚ ਕ੍ਰਮਵਾਰ ਸੁਖਵਿੰਦਰ ਸਿੰਘ, ਸੁਖਵਿੰਦਰ ਪਾਲ ਸਿੰਘ ਕੁਲਾਰ, ਮਦਨ ਲਾਲ ਅਤੇ ਰਣਬੀਰ ਸਿੰਘ ਨੇ ਬਾਜੀ ਮਾਰੀ। ਮਿਊਂਸੀਪਲ ਕਾਰਪੋਰੇਸ਼ਨ ਬਲਾਕ, ਐਥਲੈਟਿਕਸ 50 ਸਾਲ ਤੋਂ ਉਪਰ 100 ਮੀ (ਪੁਰਸ਼) ਵਿੱਚ ਭੁਪਿੰਦਰ ਸਿੰਘ ਜੇਤੂ ਰਹੇ। ਬਲਾਕ ਜਗਰਾਉਂ, ਐਥਲੈਟਿਕਸ 40 ਤੋਂ 50 ਸਾਲ 100 ਮੀ (ਪੁਰਸ਼) ਵਿੱਚ ਜਸਵੰਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਰਾਏਕੋਟ ਬਲਾਕ, ਐਥਲੈਟਿਕਸ  40 ਤੋਂ 50 ਸਾਲ ਜੈਵਲਿਟ ਥ੍ਰੋ (ਪੁਰਸ਼) ਰੇਸ਼ਮ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਸ਼ਾਟਪੁੱਟ (ਔਰਤਾਂ) ਵਿੱਚ ਅਮਨਦੀਪ ਕੌਰ ਅੱਵਲ ਰਹੀ। 50 ਸਾਲ ਤੋਂ ਵੱਧ ਡਿਸਕਸ ਥ੍ਰੋ ਵਿੱਚ ਚਰਨਜੀਤ ਕੌਰ ਡਾਂਗੋ ਪਹਿਲੇ ਨੰਬਰ ‘ਤੇ ਰਹੀ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਦੇ ਮੁਕਾਬਲੇ 12 ਤੋਂ 22 ਸਤੰਬਰ ਅਤੇ ਸੂਬਾ ਪੱਧਰ ਦੇ ਮੁਕਾਬਲੇ 10 ਤੋਂ 21 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਤੇ ਸੂਬਾ ਪੱਧਰ ਦੇ ਮੁਕਾਬਲਿਆਂ ਲਈ ਚਾਹਵਾਨ ਖਿਡਾਰੀ ਵੈਬਸਾਈਟ http://www.punjabkhedmela2022.in ਉੱਪਰ ਰਜਿਸਟ੍ਰੇਸ਼ਨ ਕਰ ਸਕਦੇ ਹਨ ਅਤੇ ਜਿਹੜੇ ਖਿਡਾਰੀਆਂ ਨੂੰ ਕੋਈ ਦਿੱਕਤ ਆਉਂਦੀ ਹੈ, ਉਹ ਖੇਡ ਵਿਭਾਗ ਦੇ ਦਫ਼ਤਰ ਵਿੱਚ ਜਾ ਕੇ ਖੇਡ ਅਧਿਕਾਰੀਆਂ ਦੀ ਮਦਦ ਨਾਲ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।    

About Author

Leave A Reply

WP2Social Auto Publish Powered By : XYZScripts.com