Tuesday, May 13

ਆਬਕਾਰੀ ਟੀਮ ਵੱਲੋਂ 2000 ਲੀਟਰ ਐਕਸਟਰਾ ਨਿਊਟਰਲ ਅਲਕੋਹਲ ਜ਼ਬਤ

  • ਸੰਭਾਵੀ ਦੁਖਾਂਤ ਵਾਪਰਣ ਤੋਂ ਰੋਕਿਆ

ਲੁਧਿਆਣਾ, (ਸੰਜੇ ਮਿੰਕਾ)- ਲੁਧਿਆਣਾ ਦੀ ਆਬਕਾਰੀ ਟੀਮ ਵੱਲੋਂ ਅੱਜ ਸੀ.ਆਈ.ਏ. ਪੁਲਿਸ ਖੰਨਾ ਨਾਲ ਇੱਕ ਸਾਂਝੀ ਕਾਰਵਾਈ ਦੌਰਾਨ ਦੋਰਾਹਾ ਨੇੜੇ 2000 ਲੀਟਰ ਐਕਸਟਰਾ ਨਿਊਟਰਲ ਅਲਕੋਹਲ (ਈ.ਐਨ.ਏ.) ਜ਼ਬਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਈ.ਐਨ.ਏ. ਕੱਚਾ ਮਾਲ ਹੈ ਜਿਸ ਤੋਂ ਸ਼ਰਾਬ ਬਣਾਈ ਜਾਂਦੀ ਹੈ ਅਤੇ ਜੇਕਰ ਇਸ ਵਿੱਚ ਜ਼ਹਿਰੀਲਾਪਣ ਫੈਲ ਜਾਂਦਾ ਹੈ ਤਾਂ ਇਸ ਕਾਰਨ ਜ਼ਿਲ੍ਹਾ ਤਰਨਤਾਰਨ ਵਿੱਚ ਦੋ ਸਾਲ ਪਹਿਲਾਂ ਵਾਪਰੇ ਹਾਦਸੇ ਵਰਗਾ ਵੱਡਾ ਹਾਦਸਾ ਵਾਪਰ ਸਕਦਾ ਹੈ ਜਿਸ ਵਿੱਚ ਕਈ ਮਨੁੱਖੀ ਜਾਨਾਂ ਚਲੀਆਂ ਗਈਆਂ ਸਨ। ਇਸ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਦੋਰਾਹਾ ਨੇੜੇ ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਨਾਕਾ ਲਗਾਇਆ ਗਿਆ ਸੀ। ਇਸ ਦੌਰਾਨ ਵਾਹਨ ਨੰਬਰ ਪੀ.ਬੀ. 09 ਐਨ 9001 ਨਾਕੇ ਤੋਂ ਭੱਜ ਗਿਆ ਜਿਸ ਦਾ ਫਿਰ ਦੋਰਾਹਾ, ਲੁਧਿਆਣਾ ਤੱਕ ਪਿੱਛਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋ ਵਿਅਕਤੀਆਂ ਗੁਰਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਦੋਵੇਂ ਵਾਸੀ ਪਿੰਡ ਛਿੱਦਾਂ, ਅੰਮ੍ਰਿਤਸਰ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ। ਬੁਲਾਰੇ ਨੇ ਅੱਗੇ ਦੱਸਿਆ ਕਿ ਇਨ੍ਹਾਂ ਦੇ ਕਬਜ਼ੇ ਵਿਚੋਂ 8 ਵੱਡੇ ਡਰੰਮ (200 ਲੀਟਰ ਹਰੇਕ) ਅਤੇ 6 ਕੈਨ (30 ਲੀਟਰ ਹਰੇਕ) ਭਾਵ ਕੁੱਲ 2000 ਲੀਟਰ ਐਕਸਟਰਾ ਨਿਊਟਰਲ ਅਲਕੋਹਲ (ਈ.ਐਨ.ਏ.) ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਾਹਨ ਨੰਬਰ ਪੀ.ਬੀ. 09 ਐਨ 9001 ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਤੋਂ ਬਾਅਦ ਐਫ.ਆਈ.ਆਰ. ਦਰਜ ਕੀਤੀ ਜਾਵੇਗੀ।

About Author

Leave A Reply

WP2Social Auto Publish Powered By : XYZScripts.com