Friday, May 9

1947 ਦੀ ਦੇਸ਼ ਵੰਡ ਨਾਲ ਸਬੰਧਿਤ ਸੰਵੇਦਨਸ਼ੀਲ ਸਾਹਿੱਤ ਦਾ ਆਜ਼ਾਦੀ ਦੇ 75ਵੇਂ ਸਾਲ ਵਿੱਚ ਪਸਾਰ ਸੰਚਾਰ ਵਧਾਇਆ ਜਾਵੇ ਗੁਰਪ੍ਰੀਤ ਸਿੰਘ ਤੂਰ

ਲੁਧਿਆਣਾਃ (ਸੰਜੇ ਮਿੰਕਾ) ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਆਜ਼ਾਦੀ ਦੇ 75ਵੇਂ ਸਾਲ ਨੂੰ ਸਮਰਪਿਤ ਹੁੰਦਿਆਂ ਪੰਜਾਬੀ ਕਵੀ ਤੇ ਅਕਾਡਮੀ ਦੇ ਚੇਅਰਮੈਨ ਗੁਰਭਜਨ ਗਿੱਲ ਨੇ ਜੋ ਆਪਣੀ ਲਿਖੀ ਕਾਵਿ ਪੁਸਤਕ ਖ਼ੈਰ ਪੰਜਾਂ ਪਾਣੀਆਂ ਦੀ ਦਾ ਚੌਥਾ ਵਿਸਤਖਿਤ ਸੰਸਕਰਨ ਪ੍ਰਕਾਸਿਤ ਕੀਤਾ ਹੈ, ਉਸ ਨੂੰ ਲੁਧਿਆਣਾ ਵਿੱਚ ਲੋਕ ਅਰਪਨ ਕਰਦਿਆਂ  ਉੱਘੇ ਵਾਰਤਕ ਲੇਖਕ ਤੇ ਪੰਜਾਬ ਪੁਲੀਸ ਦੇ ਸਾਬਕਾ ਡੀ ਆਈ ਜੀ ਸਃ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਹੈ ਕਿ  1947 ਚ ਹੋਈ ਦੇਸ਼ ਵੰਡ ਨਾਲ ਸਬੰਧਿਤ ਸੰਵੇਦਨਸ਼ੀਲ ਸਾਹਿੱਤ ਨੂੰ ਵੱਧ ਤੋਂ ਵੱਧ ਪਸਾਰਿਆ ਤੇ ਸੰਚਾਰਿਤ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਦੇਸ਼ ਵੰਡ ਵੇਲੇ ਕਤਲ ਹੋਏ ਦਸ ਲੱਖ ਪੰਜਾਬੀਆਂ ਨੂੰ ਯਾਦ ਕਰਨ ਦੇ ਨਾਲ ਨਾਲ ਉਨ੍ਹਾਂ ਮਰਜੀਵੜਿਆਂ ਨੂੰ  ਯਾਦ ਕਰਨਾ ਬਣਦਾ ਹੈ ਜੋ ਇਸ ਕਾਲੀ ਬੋਲੀ ਹਨ੍ਹੇਰੀ ਦੇ ਖਿਲਾਫ਼ ਉਦੋਂ ਵੀ ਡਟ ਕੇ ਖਲੋਤੇ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਨਹੀਂ ਹੋਣ ਦਿੱਤਾ। ਉਹ ਲੋਕ ਵੀ ਸ਼ਹੀਦ ਹਨ ਜਿੰਨਾਂ ਨੇ ਬਹੁਤ ਸਾਰੇ ਬੇਦੋਸ਼ਿਆਂ ਦੀਆਂ ਜਾਨਾਂ ਬਚਾਉਂਦਿਆਂ ਆਪਣੇ ਪ੍ਰਾਣਾਂ ਦੀ ਬਲੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਗੁਰਭਜਨ ਗਿੱਲ ਦੀ ਇਹ ਪੁਸਤਕ ਸਾਡੇ ਲਈ ਚਾਨਣ ਮੁਨਾਰਾ ਹੈ ਕਿਉਂ ਕਿ ਇਸ ਵਿੱਚ ਸਰਬ ਧਰਮ ਸਤਿਕਾਰ ਤੇ ਮਨੁੱਖਤਾ ਪੱਖੀ ਕਵਿਤਾਵਾਂ ਹਨ ਜੋ ਸਰਬ ਸਾਂਝੀ ਪੰਜਾਬੀਅਤ ਦਾ ਵਿਸ਼ਵ ਸੁਨੇਹਾ ਦੇਦੀਆਂ ਹਨ। ਸਃ ਤੂਰ ਨੇ ਕਿਹਾ ਕਿ ਉਨ੍ਹਾਂ 1997 ਚ ਆਜ਼ਾਦੀ ਦੇ 50ਵੇਂ ਸਾਲ ਵੇਲੇ ਦੇਸ਼ ਵੰਡ ਨਾਲ ਸਬੰਧਿਤ ਕਹਾਣੀ ਤੇ ਵਾਰਤਾ ਸੰਗ੍ਰਹਿ ਆਲ੍ਹਣਿਉਂ ਡਿੱਗੇ ਬੋਟ ਸੰਪਾਦਿਤ ਕਰਕੇ ਪ੍ਰਕਾਸ਼ਿਤ ਕਰਵਾਇਆ ਸੀ ਪਰ ਹੁਣ ਫਿਰ ਇਸ ਦਾ ਸੋਧਿਆ ਰੂਪ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕਰਾਂਗਾ। ਪੰਜਾਬ ਸਰਕਾਰ ਦੇ ਤਿੰਨ ਲੋਕ ਸੰਪਰਕ ਅਧਿਕਾਰੀਆਂ ਸਃ ਨਵਦੀਪ ਸਿੰਘ ਗਿੱਲ, ਸਃ ਇਕਬਾਲ ਸਿੰਘ ਤੇ ਸਃ ਅਮਨਪ੍ਰੀਤ ਸਿੰਘ ਮਨੌਲੀ ਨੂੰ ਸਃ ਤੂਰ ਨੇ ਇਸ ਪੁਸਤਕ ਦੀਆਂ ਕਾਪੀਆਂ ਭੇਟ ਕੀਤੀਆਂ। ਸਭ ਦਾ ਧੰਨਵਾਦ ਕਰਦਿਆਂ ਗੁਰਭਜਨ ਗਿੱਲ ਨੇ ਕਿਹਾ ਕਿ ਇਹ ਕਿਤਾਬ ਮੇਰੀ ਰੂਹ ਦੇ ਨੇੜੇ ਇਸ ਕਰਕੇ ਹੈ ਕਿ ਮੈਂ ਉਸ ਪਰਿਵਾਰ ਦਾ ਜਾਇਆ ਹਾਂ ਜੋ ਨਿੱਦੋਕੇ(ਨਾਰੋਵਾਲ) ਤੋਂ 1947 ਚ ਉਦੋਂ ਉੱਜੜ ਕੇ ਆਇਆ ਜਦ ਰਾਵੀ ਦਰਿਆ ਦੇ ਇਸ ਬੰਨੇ ਸਾਡੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ  ਚਿੜੀ ਪਰਿੰਦਾ ਵੀ ਨਹੀਂ ਸੀ ਜਾਣਦਾ। ਸੌ ਫੀ ਸਦੀ ਉੱਜੜਿਆਂ ਦਾ ਦਰਦ ਹੰਢਾਉਂਦਿਆਂ ਆਪਣੇ ਪਿੰਡ ਵਿੱਚ ਅਸੀਂ ਅੱਜ ਵੀ ਮੁਸਲਮਾਨਾਂ ਨਾਲ ਵਟਾਏ ਹੋਏ ਪਨਾਹੀ ਜਾਂ ਰਫਿਊਜੀ ਹੀ ਹਾਂ। ਇਸ ਜ਼ਖ਼ਮ ਦੀ ਪੀੜ ਜਦ ਟਸ ਟਸ ਕਰਦੀ ਹੈ ਤਾਂ ਮੈਂ ਉਦੋਂ ਹਿੰਦ ਪਾਕਿ ਦੋਸਤੀ ਦੀ ਕਾਮਨਾ ਕਰਦੀ ਕਵਿਤਾ ਲਿਖਦਾ ਹਾਂ।

About Author

Leave A Reply

WP2Social Auto Publish Powered By : XYZScripts.com