- ਪਹਿਲੇ 6 ਮਹੀਨੇ ਨਵਜਾਤ ਲਈ ਸਤਨਪਾਨ ਲਾਹੇਵੰਦ
ਲੁਧਿਆਣਾ (ਸੰਜੇ ਮਿੰਕਾ) ਸਿਵਲ ਸਰਜਨ ਲੁਧਿਆਣਾ ਡਾ.ਹਿਤਿੰਦਰ ਕੌਰ ਦੀ ਯੋਗ ਅਗਵਾਈ ਹੇਠ 7 ਅਗਸਤ ਤੱਕ ਜ਼ਿਲਾ ਲੁਧਿਆਣਾ ਦੀ ਸਾਰੀਆਂ ਸੰਸਥਾਵਾਂ ਵਿਖੇ ਵਿਸ਼ਵ ਸਤਨਪਾਨ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਵੱਖ-ਵੱਖ ਥਾਵਾਂ ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।ਇਸੇ ਲੜੀ ਤਹਿਤ ਅੱਜ ਸਿਵਲ ਹਸਪਤਾਲ ਲੁਧਿਆਣਾ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਸੰਬਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਮੌਕੇ ਸੰਬੋਧਨ ਕਰਦਿਆਂ ਜਿਲਾ ਪਰਿਵਾਰ ਭਲਾਈ ਅਫਸਰ ਡਾ ਹਰਪ੍ਰੀਤ ਸਿੰਘ ਨੇ ਵਿਭਾਗ ਵੱਲੋਂ ਮੁਹੱਈਆ ਜੱਚਾ-ਬੱਚਾ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਤੇ ਯੂਨੀਸੈਫ ਦੀ ਇੱਕ ਰਿਪੋਰਟ ਦੇ ਅਨੁਸਾਰ ਬੱਚਿਆਂ ਦੀ ਸਿਹਤ,ਪੋਸ਼ਣ ਅਤੇ ਵਿਕਾਸ ਲਈ ਮਾਂ ਦਾ ਦੁੱਧ ਲਾਜ਼ਮੀ ਹੈ। ਉਨਾਂ ਕਿਹਾ ਕਿ ਬੱਚੇ ਦੇ ਜਨਮ ਤੋਂ 1 ਘੰਟੇ ਦੇ ਅੰਦਰ ਸਤਨਪਾਨ ਸ਼ੁਰੂ ਕਰਵਾਉਣਾ ਅਤੇ ਪਹਿਲਾਂ 6 ਮਹੀਨੇ ਤੱਕ ਬੱਚੇ ਨੂੰ ਸਿਰਫ ਸਤਨਪਾਨ ਕਰਵਾਇਆ ਜਾਣਾ ਚਾਹੀਦਾ ਹੈ।ਇਸ ਦੇ ਬਾਅਦ ਪੂਰਕ ਖੁਰਾਕ ਦੇ ਨਾਲ – ਨਾਲ ਘੱਟੋ-ਘੱਟ 2 ਸਾਲ ਤੱਕ ਸਤਨਪਾਨ ਜਾਰੀ ਰੱਖਣਾ ਚਾਹੀਦਾ ਹੈ। ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਡਾ ਦੀਪਿਕਾ ਗੋਇਲ ਨੇ ਕਿਹਾ ਕਿ ਬੱਚਿਆਂ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ ਲਈ ਮਾਂ ਦਾ ਦੁੱਧ ਲਾਜ਼ਮੀ ਹੈ,ਬੱਚੇ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਲਾਭਦਾਇਕ ਹੈ।ਸਤਨਪਾਨ ਕਰਵਾਉਣ ਨਾਲ ਮਾਂ ਅਤੇ ਬੱਚਿਆਂ ਦੋਵਾਂ ਨੂੰ ਹੀ ਫਾਇਦਾ ਹੁੰਦਾ ਹੈ। ਇਹ ਪਰਿਵਾਰ ਨਿਯੋਜਨ ਦਾ ਇੱਕ ਸਾਧਨ ਵੀ ਹੈ।ਇਸ ਮੌਕੇ ਡਾ ਮਨੀਸ਼ਾ ਖੰਨਾ ਜਿਲਾ ਟੀਕਾਕਰਨ ਅਫਸਰ, ਡਾ ਸਵਿਤਾ , ਡਾ ਪੁਨੀਤ ਸਿਧੂ ਅਤੇ ਹੋਰ ਸਟਾਫ ਹਾਜਰ ਸੀ। ਅੰਤ ਵਿੱਚ ਸਿਹਤ ਵਿਭਾਗ ਵੱਲੋਂ ਤਿਆਰ ਕੀਤਾ ਜਾਗਰੂਕਤਾ ਪਰਚਾ ਵੀ ਤਕਸੀਮ ਕੀਤਾ ਗਿਆ।