
ਲੁਧਿਆਣਾ (ਸੰਜੇ ਮਿੰਕਾ) – ਉਸਤਾਦ ਜਸਵੰਤ ਭੰਵਰਾ ਦੇ ਪਹਿਲ ਪਲੱਕੜੇ ਸ਼ਾਗਿਰਦਾਂ ਚੋਂ ਪ੍ਰਮੁੱਖ ਗਾਇਕ ਰੰਗਾ ਸਿੰਘ ਮਾਨ ਨੂੰ ਮੈਂ ਬਚਪਨ ਵਿੱਚ ਰੇਡੀਉ ਤੋਂ ਸੁਣਦਾ ਸਾਂ ਪਰ ਮੁਲਾਕਾਤ 1983-84 ਵਿੱਚ ਪ੍ਰੋਃ ਮੋਹਨ ਸਿੰਘ ਮੇਲੇ ਦੇ ਬਹਾਨੇ ਲੁਧਿਆਣੇ ਪੰਜਾਬੀ ਭਵਨ ਚ ਹੋਈ। ਭੰਵਰਾ ਸਾਹਿਬ ਨੇ ਹੀ ਮਿਲਾਇਆ ਰੰਗਾ ਸਿੰਘ ਮਾਨ। ਵੱਡੇ ਗੀਤਕਾਰ ਬਾਬੂ ਸਿੰਘ ਮਾਨ ਵੀ ਕੋਲ ਸਨ ਉਦੋਂ। ਉਨ੍ਹਾਂ ਦੱਸਿਆ ਕਿ ਰਣਜੀਤ ਕੌਰ ਨੇ ਵੀ ਰੰਗਾ ਸਿੰਘ ਮਾਨ ਨਾਲ ਮੇਰਾ ਇੱਕ ਗੀਤ ਮੁੱਦਤ ਪਹਿਲਾਂ ਗਾਇਆ ਸੀ। ਜਵਾਨੀ ਵੇਲੇ ਲੁੱਟੇ ਬਾਣੀਏਂ, ਹੁਣ ਰੱਬ ਦੀ ਭਗਤਣੀ ਹੋਈ। ਉਹ ਮੈਥੋਂ ਦਸ ਸਾਲ ਵੱਡਾ ਹੈ। ਅਗਲੇ ਸਾਲ ਅੱਸੀ ਸਾਲ ਦਾ ਹੋ ਜਾਵੇਗਾ। ਉਸ ਦੇ ਅਨੇਕਾਂ ਗੀਤ ਐੱਚ ਐੱਮ ਵੀ ਰੀਕਾਰਡਿੰਗ ਕੰਪਨੀ ਵੱਲੋਂ ਰਿਲੀਜਂ਼ ਹੋਏ। ਕੈਸਿਟ ਕੰਪਨੀਆਂ ਵਿੱਚ ਵੀ ਉਸ ਜਗਮੋਹਨ ਕੌਰ ਵਰਗੀ ਨਾਮਵਰ ਗਾਇਕਾ ਨਾਲ ਰੀਕਾਰਡਿੰਗ ਕਰਵਾਈ। ਨਰਿੰਦਰ ਬੀਬਾ ਤੇ ਕਈ ਹੋਰ ਗਾਇਕਾਵਾਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ। ਅਕਾ਼ਸ਼ਵਾਣੀ ਜਲੰਧਰ ਤੇ ਦੂਰਦਰਸ਼ਨ ਕੇਂਦਰ ਕੋਲ ਵੀ ਉਸ ਦੀ ਰੀਕਾਰਡਿੰਗ ਪਈ ਹੈ। ਕਦੇ ਕਦੇ ਢਾਈ ਵਜੇ ਉਸ ਦੇ ਗੀਤ ਰੰਗਲੀ ਧਰਤੀ ਪ੍ਰੋਗਰਾਮ ਚ ਰੇਡੀਉ ਤੋਂ ਗੁੰਜਦੇ ਹਨ। ਜਦ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸੇਵਾ ਵਿੱਚ ਸਾਂ ਤਾਂ ਬਹੁਤ ਵਾਰ ਉਸ ਨੂੰ ਕਿਸਾਨ ਮੇਲਿਆਂ ਵਿੱਚ ਗਾਉਣ ਲਈ ਬੁਲਾਇਆ। ਉਹ ਤੂੰਬੀ ਦਾ ਮਾਹਿਰ ਕਲਾਕਾਰ ਹੈ। ਰੱਜਿਆ ਪੁੱਜਿਆ ਖ਼ਾਨਦਾਨੀ ਬੰਦਾ। ਕਦੇ ਸਾਈ ਤੇ ਨਾ ਆਇਆ। ਹਰ ਵਾਰ ਕਹਿੰਦਾ, ਕਿਸਾਨ ਮੇਲਾ ਤਾਂ ਜੱਟ ਦੀ ਜ਼ਿਆਰਤਗਾਹ ਹੈ। ਉਹ ਸਾਰੀ ਉਮਰ ਸਿਹਤ ਮਹਿਕਮੇ ਚ ਰੁਜ਼ਗਾਰ ਕਮਾਉਂਦਾ ਰਿਹਾ ਪਰ ਨਾਲ ਖੇਤੀ ਵੀ ਕੀਤੀ ਦੋ ਪਿੰਡਾਂ ਦੀ ਜ਼ਮੀਨ ਵਿੱਚ। ਮੁਕਤਸਰੋਂ ਅੱਜ ਉਸ ਦਾ ਦੋ ਵਾਰ ਟੈਲੀਫ਼ੋਨ ਆਇਆ। ਓਦਰਿਆ ਓਦਰਿਆ ਲੱਗਿਆ। ਕਹਿਣ ਲੱਗਾ ਬਲਾਸੀਰ ਖਹਿੜਾ ਨਹੀਂ ਛੱਡਦੀ। ਚਾਰ ਓਪਰੇਸ਼ਨ ਕਰਵਾ ਚੁਕਾਂ। ਹੁਣ ਕਾਫ਼ੀ ਠੀਕ ਹਾਂ। ਕਦੇ ਮਿਲ ਜਾਉ ਵੀਰ। ਮੈਂ ਆਸਰੇ ਨਾਲ ਤੁਰਦਾਂ ਘਰ ਦੇ ਅੰਦਰ ਅੰਦਰ। ਬੱਸ ਅੱਡੇ ਨੇੜੇ ਮੇਰਾ ਘਰ ਹੈ, ਕਿਸੇ ਨੂੰ ਪੁੱਛ ਲੈਣਾ, ਰੰਗਾ ਸਿੰਘ ਮਾਨ ਦਾ ਨਾਮ ਲੈ ਕੇ। ਹੁਣ ਤੇ ਕੋਵਿਡ ਦਾ ਵੀ ਡਰ ਨਹੀਂ। ਤੁਹਾਨੂੰ ਮਿਲ ਕੇ ਮੈਂ ਨੌ ਬਰ ਨੌ ਹੋ ਜਾਣੈਂ, ਵੇਖਿਉ ਸਹੀ। ਏਨਾ ਵਿਸ਼ਵਾਸ! ਮੇਰੀ ਤੋਬਾ! ਮੈਂ ਜ਼ਰੂਰ ਜਾਵਾਂਗਾ ਮੁਕਤਸਰ, ਰੰਗਾ ਸਿੰਘ ਮਾਨ ਦਾ ਘਰ ਅੱਡੇ ਕੋਲੋਂ ਪੁੱਛਣ ਦੀ ਥਾਂ ਉਸ ਦੇ ਲੁਧਿਆਣਾ ਵੱਸਦੇ ਗਿਰਾਈਂ ਤ੍ਰੈਲੋਚਨ ਲੋਚੀ ਨੂੰ ਨਾਲ ਲੈ ਕੇ। ਮਲੋਟ ਅਬੋਹਰ ਵਾਲੇ ਬੇਲੀਆਂ ਨੂੰ ਵੀ ਕਹਾਂਗਾ, ਯਾਰ ਆ ਜਾਉ, ਰੰਗਾ ਸਿੰਘ ਨੂੰ ਮਿਲੀਏ, ਉਸ ਦੇ ਤੂੰਬੇ ਦੀ ਤਾਰ ਕੱਸੀਏ। ਗੁਰਭਜਨ ਗਿੱਲ