
ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਦੇ ਆਬਕਾਰੀ ਤੇ ਕਰ, ਵਿੱਤ, ਯੋਜਨਾ ਤੇ ਪ੍ਰੋਗਰਾਮ ਲਾਗੂ ਕਰਨ ਮੰਤਰੀ ਸ. ਹਰਪਾਲ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼ਰਾਬ ਮਾਫੀਆ ਵਿਰੁੱਧ ਵਿੱਢੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਆਬਕਾਰੀ ਵਿਭਾਗ ਲੁਧਿਆਣਾ ਦੀਆਂ ਅਲੱਗ-2 ਟੀਮਾਂ ਵੱਲੋਂ ਅੱਜ ਵੱਖ-ਵੱਖ ਥਾਵਾਂ ਤੋਂ 12 ਪੇਟੀਆਂ ਗੈਰ-ਕਾਨੂੰਨੀ ਵਿਸਕੀ, 700 ਬੋਤਲਾਂ ਬੀਅਰ ਅਤੇ 12 ਬੋਤਲਾਂ ਫਸਟ ਚੁਆਇਸ ਮਾਰਕਾ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਡੀ.ਸੀ. (ਐਕਸ) ਸ਼ਾਲਿਨ ਆਹਲੂਵਾਲੀਆ ਦੀ ਅਗਵਾਈ ਅਤੇ ਏ.ਸੀ. (ਐਕਸ) ਈਸਟ ਸੁਨੀਤਾ ਜਗਪਾਲ ਦੀ ਨਿਗਰਾਨੀ ਹੇਠ ਈ.ਓ. ਮਨਪ੍ਰੀਤ ਸਿੰਘ, ਇੰਸਪੈਕਟਰ ਗੋਪਾਲ ਸ਼ਰਮਾ, ਵਰਿੰਦਰ ਸਿੰਘ, ਏ.ਐਸ.ਆਈ. ਵਿਨੋਦ ਕੁਮਾਰ, ਆਬਕਾਰੀ ਪੁਲਿਸ ਸਟਾਫ਼ ਅਤੇ ਏ.ਐਸ.ਆਈ. ਰਣਧੀਰ ਸਿੰਘ ਅਤੇ ਸੀ.ਆਈ.ਏ-2, ਲੁਧਿਆਣਾ ਦੇ ਸੇਠੀ ਰਾਮ ਦੀ ਅਗਵਾਈ ਹੇਠ ਫੋਰਟਿਸ ਹਸਪਤਾਲ ਨੇੜੇ ਚੰਡੀਗੜ੍ਹ ਰੋਡ ‘ਤੇ ਇੱਕ ਸਾਂਝਾ ਚੈਕਿੰਗ ਪੁਆਇੰਟ ਲਗਾਇਆ ਗਿਆ ਸੀ। ਟੀਮ ਨੇ ਸਵਿਫਟ ਡਿਜ਼ਾਇਰ (PB-91H-9816) ਨੂੰ ਰੋਕ ਕੇ ਪੀ.ਐੱਮ.ਐੱਲ. ਸੰਤਰਾ ਬ੍ਰਾਂਡ ਦੀਆਂ ਅੱਠ, 555 ਵਿਸਕੀ ਦੀਆਂ ਦੋ ਅਤੇ ਇੰਪੀਰੀਅਲ ਬਲੂ (ਕੇਵਲ ਚੰਡੀਗੜ੍ਹ ਵਿੱਚ ਵਿਕਰੀ ਲਈ) ਦੀ ਇੱਕ ਪੇਟੀ ਜ਼ਬਤ ਕੀਤੀ। ਫ.ਆਈ.ਆਰ. ਦਰਜ ਕਰਦਿਆਂ ਕਾਰ ਸਵਾਰ ਬਿਕਰਮਜੀਤ ਸਿੰਘ ਵਾਸੀ ਪਿੰਡ ਰਾਮਗੜ੍ਹ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਦੂਜੇ ਮਾਮਲੇ ਵਿੱਚ, ਨਿਊ ਸਰਪੰਚ ਕਲੋਨੀ ਵਿੱਚ ਛਾਪੇਮਾਰੀ ਕੀਤੀ ਗਈ ਜਿੱਥੋਂ ਟੀਮ ਨੇ ਓਮ ਪ੍ਰਕਾਸ਼ ਨਾਮ ਦੇ ਵਿਅਕਤੀ ਘਰੋਂ ਇੰਪੀਰੀਅਲ ਬਲੂ ਵਿਸਕੀ (ਕੇਵਲ ਚੰਡੀਗੜ੍ਹ ਵਿੱਚ ਵਿਕਰੀ ਲਈ) ਦੀ ਇੱਕ ਪੇਟੀ ਅਤੇ 700 ਬੋਤਲਾਂ ਬੀਅਰ ਮਾਰਕਾ ‘ਬੀ ਯੰਗ’ ਦੀਆਂ ਬਰਾਮਦ ਕੀਤੀਆਂ। ਟੀਮ ਨੇ ਕਮਲੇਸ਼ ਨਾਂ ਦੇ ਇਕ ਵਿਅਕਤੀ ਨੂੰ ਮੌਕੇ ‘ਤੇ ਕਾਬੂ ਕਰ ਲਿਆ ਪਰ ਘਰ ਦਾ ਮਾਲਕ ਓਮ ਪ੍ਰਕਾਸ਼ ਮੌਕੇ ‘ਤੇ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਉਨ੍ਹਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਅਤੇ ਫਰਾਰ ਓਮ ਪ੍ਰਕਾਸ਼ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ. ਇਸੇ ਦੌਰਾਨ ਆਬਕਾਰੀ ਇੰਸਪੈਕਟਰ ਕਸ਼ਮੀਰ ਸਿੰਘ ਵੱਲੋਂ ਹੋਰ ਸਟਾਫ਼ ਨਾਲ ਰਤਨਹੇੜੀ ਰੇਲਵੇ ਕਰਾਸਿੰਗ ਨੇੜੇ ਝੁੱਗੀ-ਝੌਂਪੜੀ ਵਾਲੇ ਇਲਾਕੇ ਵਿੱਚ ਛਾਪੇਮਾਰੀ ਕੀਤੀ ਗਈ। ਚੈਕਿੰਗ ਦੌਰਾਨ ਟੀਮ ਨੇ ਫਸਟ ਚੁਆਇਸ ਦੀਆਂ 12 ਬੋਤਲਾਂ (ਹਰਿਆਣਾ ਵਿੱਚ ਵਿਕਰੀ ਲਈ) ਜ਼ਬਤ ਕੀਤੀਆਂ ਅਤੇ ਰਤਨਹੇੜੀ ਦੇ ਰਹਿਣ ਵਾਲੇ ਸ਼ਿਵ ਕੁਮਾਰ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ, ਜਿਸ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਨਜਾਇਜ਼ ਸ਼ਰਾਬ ਵਿਰੁੱਧ ਸ਼ਿਕੰਜਾ ਕੱਸਿਆ ਜਾਵੇਗਾ ਅਤੇ ਇਸ ਵਿੱਚ ਸ਼ਾਮਲ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।