- ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਜ਼ਰੂਰੀ – ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ
ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੂਰੇ ਪੰਜਾਬ ਵਿੱਚ ਵਣ ਮਹਾਂਉਤਸਵ ਮੌਕੇ ਚਲਾਈ ਗਈ ਹਰਿਆਵਲ ਮੁਹਿੰਮ ਤਹਿਤ ਵੱਖ-ਵੱਖ ਹਲਕਿਆਂ ਵਿੱਚ ਪੌਦੇ ਲਗਾਏ ਜਾ ਰਹੇ ਹਨ ਤਾਂ ਜੋ ਪੰਜਾਬ ਨੂੰ ਹੋਰ ਹਰਿਆ ਭਰਿਆ ਅਤੇ ਇਸਦੇ ਵਾਤਾਵਰਨ ਵਿੱਚ ਸੁਧਾਰ ਲਿਆਂਦਾ ਜਾ ਸਕੇ। ਇਸੇ ਲੜੀ ਨੂੰ ਅੱਗੇ ਤੋਰਦਿਆਂ ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਸ. ਦਲਜੀਤ ਸਿੰਘ ਭੋਲਾ ਗਰੇਵਾਲ ਵੱਲੋਂ ਆਪਣੀ ਹਰਿਆਵਲ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਵਿਧਾਇਕ ਭੋਲਾ ਵੱਲੋਂ ਅੱਜ ਹਲਕਾ ਪੂਰਬੀ ‘ਚ ਪੈਂਦੇ ਸਰਕਾਰੀ ਕਾਲਜ਼ ਵਿਖੇ ਪੌਦੇ ਲਗਾਏ ਗਏ। ਪੌਦਿਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਭੋਲਾ ਨੇ ਦੱਸਿਆ ਕਿ ਪੌਦੇ ਸਾਡੇ ਲਈ ਮੁਫ਼ਤ ਆਕਸੀਜਨ ਦਾ ਇੱਕ ਵੱਡਾ ਸਰੋਤ ਹਨ ਅਤੇ ਇਹ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਵਿੱਚ ਵੀ ਸਹਾਈ ਹੁੰਦੇ ਹਨ। ਮਨੁੱਖੀ ਜਿੰਦਗੀ ਵਿੱਚ ਪੌਦਿਆਂ ਦੀ ਬਹੁਤ ਵੱਡੀ ਮਹੱਤਤਾ ਹੈ। ਦਿਨੋ ਦਿਨ ਪਲੀਤ ਹੋ ਰਹੇ ਵਾਤਾਵਰਨ ਵਿੱਚ ਸੁਧਾਰ ਲਿਆਉਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਰੁੱਖ ਹੋਣੇ ਲਾਜ਼ਮੀ ਹਨ। ਇਸ ਤੋ ਇਲਾਵਾ ਇਨ੍ਹਾਂ ਪੌਦਿਆ ਦੀ ਸਾਂਭ ਸੰਭਾਲ ਦਾ ਪ੍ਰਣ ਵੀ ਲਿਆ ਗਿਆ ਅਤੇ ਆਮ ਜਨਤਾ ਨੂੰ ਵੀ ਪੰਜਾਬ ਸਰਕਾਰ ਦੀ ਇਸ ਹਰਿਆਵਲ ਮੁਹਿੰਮ ਵਿੱਚ ਵੱਧ ਤੋ ਵੱਧ ਰੁੱਖ ਲਗਾਉਣ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਦੀ ਅਪੀਲ ਕੀਤੀ ਗਈ।