Friday, May 9

ਵਿਧਾਇਕ ਸਿੱਧੂ ਵੱਲੋਂ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਵਿਸ਼ਾਲ ਲੋਕ ਮਿਲਣੀ ਆਯੋਜਿਤ

  • ਵਿਧਾਇਕ-ਪਬਲਿਕ ਮਿਲਣੀ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ ‘ਤੇ ਨਿਪਟਾਰਾ ਵੀ ਕਰਵਾਇਆ ਗਿਆ
  • ਨਿਗਮ ਦੀ ਬਿਲਡਿੰਗ ਬ੍ਰਾਂਚ ਵੱਲੋਂ ਕਰੀਬ 5 ਲੱਖ ਰੁਪਏ ਦੀ ਰਿਕਵਰੀ ਵੀ ਕੀਤੀ ਗਈ

ਲੁਧਿਆਣਾ, (ਸੰਜੇ ਮਿੰਕਾ) – ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਅੱਜ ਸਥਾਨਕ ਨਗਰ ਨਿਗਮ, ਜ਼ੋਨ-ਸੀ ਵਿਖੇ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਇੱਕ ਵਿਸ਼ਾਲ ਲੋਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਿੱਥੇ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਉੱਥੇ ਨਾਲ ਹੀ ਉਨ੍ਹਾਂ ਦਾ ਨਿਬੇੜਾ ਵੀ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਪੂਨਮਪ੍ਰੀਤ ਕੌਰ ਤੋਂ ਇਲਾਵਾ ਵੱਖ-ਵੱਖ ਬ੍ਰਾਂਚਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਵਿਧਾਇਕ ਸਿੱਧੂ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗੁਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਪ੍ਰਸ਼ਾਸ਼ਕੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਦੁਹਰਾਇਆ ਕਿ ਹਲਕੇ ਦੇ ਲੋਕਾਂ ਨੂੰ ਸਰਕਾਰੀ ਦਫ਼ਤਰ ਵਿੱਚ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਲੋਕ ਮਿਲਣੀ ਵਿੱਚ 100 ਦੇ ਕਰੀਬ ਸ਼ਿਕਾਇਤਾਂ ਆਈਆਂ ਜਿਨ੍ਹਾਂ ਵਿੱਚ 15-20 ਪੁਲਿਸ ਵਿਭਾਗ ਨਾਲ ਸਬੰਧਤ ਸਨ, 10-15 ਬਿਜਲੀ ਵਿਭਾਗ ਅਤੇ ਬਾਕੀ ਨਗਰ ਨਿਗਮ ਨਾਲ ਸਬੰਧਤ ਸਨ। ਉਨ੍ਹਾਂ ਦੱਸਿਆ ਕਿ ਕਈ ਸ਼ਿਕਾਇਤਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਮੌਕੇ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਵੱਲੋਂ ਕਰੀਬ 5 ਲੱਖ ਰੁਪਏ ਦੀ ਰਿਕਵਰੀ ਵੀ ਕੀਤੀ ਗਈ। ਵਿਧਾਇਕ-ਪਬਲਿਕ ਮਿਲਣੀ ਦੌਰਾਨ ਆਏ ਹੋਏ ਲੋਕਾਂ ਵੱਲੋਂ ਇਸ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਅਜਿਹੇ ਉਪਰਾਲੇ ਹਲਕੇ ਵਿੱਚ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਖੱਜਲ ਖੁਆਰੀ ਤੋਂ ਨਿਜਾਤ ਮਿਲ ਸਕੇ ਅਤੇ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ ‘ਤੇ ਹੋ ਸਕਣ। ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਸਾਰੇ ਜੋਨਲ ਕਮਿਸ਼ਨਰ ਅਤੇ ਨਿਗਰਾਨ ਇੰਜੀਨੀਅਰਜ ਨੂੰ ਦਿਸਾ-ਨਿਰਦੇਸ਼ ਦਿੱਤੇ ਗਏ ਕਿ ਸਾਰੇ ਅਧਿਕਾਰੀ/ਕਰਮਚਾਰੀਆਂ ਵੱਲੋਂ ਆਮ ਪਬਲਿਕ ਨੂੰ ਰੋਜਾਨਾ ਦਫਤਰੀ ਸਮੇਂ ਵਿੱਚ ਸਵੇਰੇ 9 ਤੋ 11 ਵਜੇ ਤੱਕ ਮਿਲਿਆ ਜਾਵੇ ਅਤੇ ਉਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਵਿਧਾਇਕ ਸਿੱਧੂ ਵੱਲੋਂ ਸਮੂਹ ਨਿਗਰਾਨ ਇੰਜੀਨੀਅਰਜ ਨੂੰ ਹਦਾਇਤ ਕੀਤੀ ਗਈ ਕਿ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਉਹ ਰੋਜਾਨਾ ਚੈਕਿੰਗ ਕਰਨਗੇ ਅਤੇ ਕ੍ਰਮਵਾਰ 30, 70 ਅਤੇ 100 ਪ੍ਰਤੀਸ਼ਤ ਕੰਮ ਮੁਕੰਮਲ ਹੋਣ ‘ਤੇ ਸਰਟੀਫਿਕੇਟ ਪੇਸ਼ ਕਰਨਗੇ ਕਿ ਕੰਮ ਮਾਪਦੰਡ ਅਨੁਸਾਰ ਸਹੀ ਹੈ। ਉਨ੍ਹਾ ਇਹ ਵੀ ਕਿਹਾ ਕਿ ਜਿਹੜੇ ਕੰਮ ਚੱਲ ਰਹੇ ਹਨ ਉਹਨਾਂ ਦੇ ਬੋਰਡ ਲੱਗੇ ਹੋਣੇ ਚਾਹੀਦੇ ਹਨ ਜਿਸ ਵਿੱਚ ਕੰਮ ਦਾ ਵੇਰਵਾ, ਠੇਕੇਦਾਰ ਦਾ ਨਾਮ, ਸਬੰਧਤ ਨਿਗਰਾਨ ਇੰਜੀਨੀਅਰ/ਕਾਰਜਕਾਰੀ ਇੰਜੀਨੀਅਰ ਦਾ ਨਾਮ, ਕੰਮ ਸੁਰੂ ਅਤੇ ਖਤਮ ਹੋਣ ਦੀ ਮਿਤੀ ਆਦਿ ਸ਼ਾਮਲ ਹੋਣ। ਉਨ੍ਹਾਂ ਅੱਗੇ ਕਿਹਾ ਜੋਨਲ ਕਮਿਸ਼ਨਰਜ ਵੱਲੋ ਕਿਸੇ ਵੀ ਤਰ੍ਹਾਂ ਦੀ ਜੇਕਰ ਕੋਈ ਮੀਟਿੰਗ ਕਰਨੀ ਹੈ ਤਾਂ ਹਰ ਬੁੱਧਵਾਰ ਨੂੰ ਸ਼ਾਮ 05:00 ਵਜੇ ਤੋਂ ਬਾਅਦ ਕਰਨਗੇ। ਉਨ੍ਹਾਂ ਸਮੂਹ ਜੋਨਲ ਕਮਿਸ਼ਨਰਾਂ ਨੂੰ ਵੀ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਸਬੰਧੀ ਸਾਰੀ ਜਾਣਕਾਰੀ ਪੇਸ਼ ਕਰਨ ਲਈ ਕਿਹਾ ਅਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਚੈਕਿੰਗ ਰੋਜਾਨਾ ਸ਼ਾਮ 03 ਵਜੇਂ ਤੋਂ ਬਾਅਦ ਕਰਨਗੇ। ਵਿਧਾਇਕ ਸਿੱਧੂ ਵੱਲੋਂ ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਆਪਣੇ-ਆਪਣੇ ਜੋਨ ਵਿੱਚ ਪੈਂਦੇ ਇਲਾਕਿਆਂ ਵਿੱਚ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਜੋ ਲੁਧਿਆਣਾ ਸ਼ਹਿਰ ਦੀ ਸਵੱਛ-ਸਰਵੇਖਣ ਵਿੱਚ ਵਧੀਆ ਰੈਕਿੰਗ ਆ ਸਕੇ।

About Author

Leave A Reply

WP2Social Auto Publish Powered By : XYZScripts.com