Saturday, May 10

ਖ਼ੁਰਾਕ ਸਪਲਾਈ ਵਿਭਾਗ ਵੱਲੋਂ ਕਣਕ ਦੀ ਸੁਚਾਰੂ ਵੰਡ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਇਲਾਕਿਆਂ ਵਿੱਚ ਅਚਨਚੇਤ ਚੈਕਿੰਗ ਜਾਰੀ

ਲੁਧਿਆਣਾ,(ਸੰਜੇ ਮਿੰਕਾ)- ਖ਼ੁਰਾਕ ਸਪਲਾਈ ਵਿਭਾਗ ਵੱਲੋਂ ਇਨ੍ਹਾਂ ਦਿਨਾਂ ਦੌਰਾਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਫੇਜ 6 ਅਧੀਨ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਯੋਗ ਲਾਭਪਾਤਰੀਆਂ ਨੂੰ ਕਣਕ ਦੀ ਮੁਫ਼ਤ ਵੰਡ ਈ-ਪੌਜ ਮਸ਼ੀਨਾਂ ਰਾਹੀਂ ਕੀਤੀ ਜਾ ਰਹੀ ਹੈ। ਵਿਭਾਗ ਵੱਲੋਂ ਸੁਚਾਰੂ ਵੰਡ ਪ੍ਰਣਾਲੀ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਇਲਾਕਿਆਂ ਵਿੱਚ ਅਚਨਚੇਤ ਚੈਕਿੰਗ ਜਾਰੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਖ਼ੁਰਾਕ ਸਪਲਾਈ ਕੰਟਰੋਲਰ ਲੁਧਿਆਣਾ  ਵੈਸਟ ਸ੍ਰੀਮਤੀ ਮਿਨਾਕਸ਼ੀ ਵੱਲੋਂ  ਦੱਸਿਆ ਗਿਆ ਕਿ ਇਸ ਸਕੀਮ ਤਹਿਤ ਹਰੇਕ ਯੋਗ ਲਾਭਪਾਤਰੀ ਨੂੰ ਪੰਜ ਕਿੱਲੋ ਪ੍ਰਤੀ ਜੀਅ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਛੇ ਮਹੀਨਿਆਂ ਦੀ ਕਣਕ ਦੀ ਮੁਫ਼ਤ ਵੰਡ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਦੱਸਿਆ  ਕਿ ਸਰਕਾਰ ਵੱਲੋਂ ਜਾਰੀ ਕੋਟੇ ਅਤੇ ਹਦਾਇਤਾਂ ਦੇ ਸਨਮੁਖ  ਹਰੇਕ ਯੋਗ ਲਾਭਪਾਤਰੀ ਨੂੰ ਉਸ ਦੀ ਬਣਦੀ ਕਣਕ ਜਾਰੀ ਕੀਤੀ ਜਾ ਰਹੀ ਹੈ। ਵਿਭਾਗ ਲਾਭਪਾਤਰੀਆਂ ਨੂੰ ਬਣਦੇ ਕੋਟੇ ਦਾ ਇੱਕ ਇੱਕ ਦਾਣਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਖਪਤਕਾਰਾਂ ਦੇ ਹਿੱਤਾਂ ਦਾ ਧਿਆਨ ਰੱਖਣ ਅਤੇ ਕਣਕ ਵੰਡ ਦੀ ਨਿਗਰਾਨੀ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੋਇਆ ਹੈ, ਜੋ ਕਿ ਜ਼ਿਲ੍ਹਾ ਲੁਧਿਆਣਾ ਦੇ ਵੱਖ ਵੱਖ ਇਲਾਕਿਆਂ ਵਿੱਚ ਅਚਨਚੇਤ ਚੈਕਿੰਗ ਕਰ ਰਹੀਆਂ ਹਨ। ਇਹਨਾਂ ਚੈਕਿੰਗਾਂ ਦੌਰਾਨ ਊਣਤਾਈਆਂ ਪਾਏ ਜਾਣ ਤੇ ਲੁਧਿਆਣਾ ਵੈਸਟ ਜਿਲੇ ਵਿੱਚ ਹੁਣ ਤੱਕ ਚਾਰ ਰਾਸ਼ਨ ਡਿਪੂ ਮੁਅੱਤਲ ਕੀਤੇ ਜਾ ਚੁੱਕੇ ਹਨ। ਜਿਲਾ ਕੰਟਰੋਲਰ ਵੱਲੋਂ ਸਟਾਫ ਰਾਹੀਂ ਡਿਪੂ ਹੋਲਡਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਉਹਨਾਂ ਕਿਹਾ ਕਿ ਉਕਤ ਕਣਕ ਦੀ ਵੰਡ ਨਿਗਰਾਨ ਕਮੇਟੀਆਂ ਦੀ ਹਾਜ਼ਰੀ ਵਿੱਚ ਕਰਨੀ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ਕਣਕ ਵੰਡ ਵਿੱਚ ਕਿਸੇ ਵੀ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਤੁਰੰਤ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

About Author

Leave A Reply

WP2Social Auto Publish Powered By : XYZScripts.com