
- ਕਰੋਨਾ ਵੈਕਸੀਨ ਦੀ ਪ੍ਰੋਕਾਸ਼ਨਰੀ ਡੋਜ਼ ਲਈ ਹੁਣ ਨਹੀਂ ਕਰਨਾ ਪਵੇਗਾ ਲੰਬਾ ਇੰਤਜ਼ਾਰ
ਲੁਧਿਆਣਾ (ਸੰਜੇ ਮਿੰਕਾ)- ਜ਼ਿਲ੍ਹਾ ਲੁਧਿਆਣਾ ਵਿਖੇ ਅੱਜ ਮੁਫਤ ਪ੍ਰੋਕਾਸ਼ਨਰੀ ਡੋਜ਼ (ਬੂਸਟਰ ਡੋਜ਼) ਲਗਾਉਣ ਦੀ ਅੱਜ ਰਸਮੀ ਤੌਰ ‘ਤੇ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਐਸ ਪੀ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਹਦਾਇਤ ਕੀਤੀ ਗਈ ਹੈ ਕਿ ਸਾਰੀ ਸਰਕਾਰੀ ਸਿਹਤ ਸੰਸਥਾਵਾਂ ‘ਤੇ ਕੋਵਿਡ ਵੈਕਸੀਨੇਸ਼ਨ ਦੀ ਪ੍ਰੋਕਾਸ਼ਨਰੀ ਡੋਜ਼ ਮੁਫਤ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਹ ਇੱਕ ਨਵੀਂ ਪਹਿਲਕਦਮੀ ਹੈ ਜਿਸ ਦਾ ਹਰ ਵਰਗ ਦੇ ਵਿਅਕਤੀ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋ ਲਾਭ ਉਠਾਉਣ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 15 ਜੁਲਾਈ ਤੋਂ 30 ਸਤੰਬਰ (75 ਦਿਨ) ਤੱਕ ਇਹ ਡੋਜ਼ ਲਗਾਈ ਜਾਵੇਗੀ। ਸਿਵਲ ਸਰਜਨ ਨੇ ਦੱਸਿਆ ਕਿ ਵੱਡੇ ਦਫ਼ਤਰੀ ਕੰਪਲੈਕਸਾਂ (ਜਨਤਕ ਅਤੇ ਪ੍ਰਾਈਵੇਟ), ਉਦਯੋਗਿਕ ਅਦਾਰਿਆਂ, ਰੇਲਵੇ ਸਟੇਸ਼ਨਾਂ, ਅੰਤਰ-ਰਾਜੀ ਬੱਸ ਅੱਡਿਆਂ ਆਦਿ ‘ਤੇ ਵੈਕਸੀਨੇਸ਼ਨ ਕੈਂਪ ਲਗਾਏ ਜਾਣਗੇ, ਸਕੂਲਾਂ ਅਤੇ ਕਾਲਜਾਂ ਵਿੱਚ ਵਿਸ਼ੇਸ਼ ਵੈਕਸੀਨੇਸ਼ਨ ਕੈਂਪ ਲਗਾਏ ਜਾਣਗੇ ਤਾਂ ਕਿ ਕੋਈ ਵੀ ਉਮਰ ਵਰਗ ਦਾ ਵਿਅਕਤੀ ਵੈਕਸੀਨੇਸਨ ਤੋਂ ਵਾਂਝਾ ਨਾ ਰਹੇ। ਸਿਵਲ ਸਰਜਨ ਡਾ. ਐਸ ਪੀ ਸਿੰਘ ਨੇ ਦੱਸਿਆ ਕਿ ਪਹਿਲਾਂ ਕਰੋਨਾ ਵੈਕਸੀਨ ਦੀ ਦੂਜੀ ਡੋਜ਼ ਲਵਾਉਣ ਤੋਂ 9 ਮਹੀਨੇ ਬਾਅਦ ਪ੍ਰੋਕਾਸ਼ਨਰੀ ਡੋਜ਼ (ਬੂਸਟਰ ਡੋਜ਼) ਲਗਾਈ ਜਾਂਦੀ ਸੀ ਜੋ ਕਿ ਹੁਣ ਸਰਕਾਰ ਵੱਲੋਂ ਦਿੱਤੇ ਨਵੇਂ ਹੁਕਮਾਂ ਅਨੁਸਾਰ ਪ੍ਰੋਕਾਸ਼ਨਰੀ ਡੋਜ਼ ਦੂਜੀ ਖੁਰਾਕ ਲਵਾਉਣ ਤੋਂ 6 ਮਹੀਨੇ ਤੋਂ ਬਾਅਦ ਲਵਾਈ ਜਾ ਸਕਦੀ ਹੈ। ਉਨ੍ਹਾਂ 60 ਸਾਲ ਤੋਂ ਉਪਰ ਅਤੇ ਫਰੰਟ ਲਾਈਨ ਵਰਕਰ ਤੇ ਹੈਲਥ ਕੇਅਰ ਵਰਕਰਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਦੂਜੀ ਡੋਜ਼ ਲੱਗੀ ਨੂੰ 6 ਮਹੀਨੇ ਬੀਤ ਗਏ ਹਨ ਉਹ ਵੀ ਆਪਣੀ ਪ੍ਰੋਕਾਸ਼ਨਰੀ ਡੋਜ਼ ਜਲਦ ਤੋਂ ਜਲਦ ਨੇੜੇ ਦੇ ਕਿਸੇ ਵੀ ਸਿਹਤ ਕੇਂਦਰ ਤੋਂ ਮੁਫ਼ਤ ਲਗਵਾ ਸਕਦੇ ਹਨ। ਉਨ੍ਹਾਂ ਕਿਹਾ ਕਿ 75ਵੇਂ ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਇਹ ਪ੍ਰੋਕਾਸ਼ਨਰੀ ਡੋਜ਼ 15 ਜੁਲਾਈ ਤੋ ਲੱਗਣੀ ਸ਼ੁਰੂ ਹੋ ਚੁੱਕੀ ਹੈ ਅਤੇ ਅਗਲੇ 75 ਦਿਨਾਂ ਤੱਕ ਲਗਾਈ ਜਾਵੇਗੀ। ਸਿਵਲ ਸਰਜਨ ਡਾ. ਐਸ ਪੀ ਸਿੰਘ ਅਤੇ ਡੀਆਈਓ ਡਾ. ਮਨੀਸ਼ਾ ਖੰਨਾ ਨੇ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਮੈਂਬਰਾਂ ਦੀ ਕੋਵਿਡ ਵੈਕਸੀਨੇਸ਼ਨ 100 ਪ੍ਰਤੀਸ਼ਤ ਕਰਵਾਉਣਾ ਯਕੀਨੀ ਬਣਾਉਣ, ਤਾਂ ਕਿ ਕੋਵਿਡ ਦੀ ਆਉਣ ਵਾਲੀ ਸੰਭਾਵਿਤ ਲਹਿਰ ਤੋਂ ਬਚਿਆ ਜਾ ਸਕੇ। ਉਨ੍ਹਾਂ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ,ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲੇ ਦੇ ਸਾਰੇ ਲੋਕਾਂ ਦੀ ਕੋਵਿਡ ਵੈਕਸੀਨੇਸ਼ਨ ਕਰਵਾਉਣਾ ਵਿਚ ਸਹਿਯੋਗ ਦੇਣ।