Friday, May 9

ਵਿਧਾਇਕ ਸਿੱਧੂ ਵੱਲੋਂ ਵਿਧਾਨ ਸਭਾ ‘ਚ ਨਸ਼ਿਆਂ ਤੋਂ ਪੀੜ੍ਹਤ ਨੌਜਵਾਨਾਂ ਦੇ ਇਲਾਜ਼ ਬਾਰੇ ਕੀਤੀ ਗੱਲਬਾਤ

  • ਬਿਜਲੀ ਦੇ ਅਡਵਾਂਸ ਬਿੱਲਾਂ ਦਾ ਵੀ ਚੁੱਕਿਆ ਮੁੱਦਾ

ਲੁਧਿਆਣਾ, (ਸੰਜੇ ਮਿੰਕਾ) – ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਜਿੱਥੇ ਨਸ਼ੇ ਦੇ ਆਦੀ ਨੌਜਵਾਨਾਂ ਦੇ ਇਲਾਜ਼ ਦੀ ਗੱਲ ਕੀਤੀ, ਨਾਲ ਹੀ ਬਿਜਲੀ ਵਿਭਾਗ ਵਲੋਂ 45 ਦਿਨ ਅਡਵਾਂਸ ਬਿੱਲ ਦਾ ਮੁੱਦਾ ਵੀ ਚੁੱਕਿਆ। ਵਿਧਾਇਕ ਸਿੱਧੂ ਨੇ ਆਪਣੇ ਸੰਬੋਧਨ ਦੌਰਾਨ ਮਾਣਯੋਗ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦੇ ਧਿਆਨ ਵਿੱਚ ਲਿਆਂਦਾ ਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਵਿਰੁੱਧ ਵਿੱਢੀ ਮੁਹਿੰਮ ਤਹਿਤ ਨਸ਼ਿਆਂ ਦੇ ਸੌਦਾਗਰਾਂ ‘ਤੇ ਨਕੇਲ ਕੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਹਿੰਮ ਤਹਿਤ ਜਦੋਂ ਨਸ਼ੇ ਦੇ ਆਦੀ ਨੌਜਵਾਨ ਗਿਰਫ਼ਤ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਮੁੱਖਧਾਰਾ ਵਿੱਚ ਲਿਆਉਣ ਲਈ ਨਸ਼ਿਆਂ ਤੋਂ ਪਾਸਾ ਵੱਟਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਤੋਂ ਪੀੜ੍ਹਤ ਨੌਜਵਾਨਾਂ ਦੀ ਵਿੱਤੀ ਹਾਲਤ ਮਾੜੀ ਹੁੰਦੀ ਹੈ ਅਤੇ ਜਿਆਦਾਤਰ ਪੀੜ੍ਹਤ ਆਪਣਾ ਇਲਾਜ਼ ਕਰਵਾਉਣ ਤੋਂ ਅਸਮਰੱਥ ਹੁੰਦੇ ਹਨ। ਅਕਸਰ ਹਸਪਤਾਲਾਂ ਵਿੱਚ ਨੌਜਵਾਨਾਂ ਦੇ ਮੁਫ਼ਤ ਇਲਾਜ਼ ਲਈ ਇਨਕਾਰੀ ਕੀਤੀ ਜਾਂਦੀ ਹੈ। ਉਨ੍ਹਾ ਦੱਸਿਆ ਕਿ ਨਸ਼ਾਂ ਛੁਡਾਉ ਕੇਂਦਰਾਂ ਵਿੱਚ ਇਲਾਜ਼ ਬੇਹੱਦ ਮਹਿੰਗਾ ਹੈ, ਇਸ ਲਈ ਨੌਜਵਾਨੀ ਨੂੰ ਨਸ਼ੇ ਦੇ ਕੋਹੜ ਵਿੱਚੋਂ ਬਾਹਰ ਕੱਢਣ ਲਈ ਸਸਤਾ ਇਲਾਜ਼ ਮੁਹੱਈਆ ਕਰਵਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਨੌਜਵਾਨਾਂ ਨੂੰ ਆਪਣਾ ਰੋਜ਼ਗਾਰ ਤੇ ਕਾਰੋਬਾਰ ਸਥਾਪਤ ਕਰਨ ਲਈ ਵੱਖ-ਵੱਖ ਲਾਹੇਵੰਦ ਸਕੀਮਾਂ ਸੁਰੂ ਕੀਤੀਆਂ ਗਈ ਹਨ ਤਾਂ ਕਿ ਜਿਹੜੀ ਜਵਾਨੀ ਸਾਡੀ ਬਾਹਰਲੇ ਮੁਲਕਾਂ ਦਾ ਰੁਖ ਕਰ ਰਹੀ ਉਸਦੀ 50 ਫੀਸਦ ਦਰ ਘਟਾਈ ਜਾਵੇ, ਪਰ ਇਸਦੇ ਉਲਟ ਬਿਜਲੀ ਵਿਭਾਗ ਵੱਲੋਂ 45 ਦਿਨਾਂ ਦਾ ਅਡਵਾਂਸ ਬਿਜਲੀ ਬਿੱਲ ਲਿਆ ਜਾ ਰਿਹਾ ਹੈ, ਬੀਤੇ ਦਿਨੀ ਉਨ੍ਹਾਂ ਇਹ ਮਾਮਲਾ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਦੇ ਧਿਆਨ ਵਿੱਚ ਵੀ ਲਿਆਂਦਾ ਸੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਹਲਕਾ ਆਤਮ ਨਗਰ ਇੱਕ ਸੈਮੀ-ਕਮਰਸ਼ੀਅਲ ਇਲਾਕਾ ਹੈ ਜਿੱਥੇ ਲੋਕ ਛੋਟੇ-ਮੋਟੇ ਕਾਰਖਾਨੇ ਚਲਾ ਕੇ ਆਪਣਾ ਗੁਜਰ ਬਸਰ ਕਰ ਰਹੇ ਹਨ ਪਰੰਤੂ ਉਨ੍ਹਾਂ ‘ਤੇ ਵੀ ਮਿਕਸ ਲੈਂਡ ਯੂਜ ਪਾਲਿਸੀ ਦੀ ਤਲਵਾਰ ਲਟਕ ਰਹੀ ਹੈ ਜਿਸਦੀ ਮਿਆਦ 2023 ਵਿੱਚ ਖ਼ਤਮ ਹੋਣ ਜਾ ਰਹੀ ਹੈ। ਇਨ੍ਹਾਂ ਕਾਰਖਾਨਿਆਂ ਵਾਲਿਆਂ ਦੇ ਪਰਿਵਾਰਾਂ ਵਿੱਚ ਆਪਣੇ ਕਾਰੋਬਾਰ ਪ੍ਰਤੀ ਸਹਿਮ ਦਾ ਮਾਹੌਲ ਬਣਿਆ ਹੈ। ਉਨ੍ਹਾਂ ਮਾਣਯੋਗ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੂੰ ਇਸ ਪਾਸੇ ਵੀ ਵਿਸ਼ੇਸ਼ ਧਿਆਨ ਦੇਣ ਲਈ ਕਿਹਾ।

About Author

Leave A Reply

WP2Social Auto Publish Powered By : XYZScripts.com