
- ਭਲਕੇ ਲੱਗਣ ਵਾਲੇ ਕੈਂਪ ‘ਚ ਬਿੱਲਾਂ ਦੀ ਦਰੁਸਤੀ ਕਰਵਾਉਣ ਦੀ ਵੀ ਕੀਤੀ ਅਪੀਲ
- ਕਿਸੇ ਵੀ ਤਰ੍ਹਾਂ ਦੀ ਔਕੜ ਆਵੇ ਤਾਂ ਮੋਬਾਇਲ ਨੰਬਰਾਂ 97818-00002 ਅਤੇ 98140-22741 ‘ਤੇ ਵੀ ਕੀਤਾ ਜਾ ਸਕਦਾ ਹੈ ਸੰਪਰਕ
ਲੁਧਿਆਾਣਾ, (ਸੰਜੇ ਮਿੰਕਾ) – ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਉਦਯੋਗਪਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬਿਜਲੀ ਬਿੱਲ ਭਲਕੇ ਲੱਗਣ ਵਾਲੇ ਕੈਂਪ ਵਿੱਚ ਦਰੁਸਤ ਕਰਵਾਏ ਜਾਣਗੇ। ਵਿਧਾਇਕ ਨੇ ਕਿਹਾ ਕਿ ਬਿੱਲ ਦੇਰੀ ਨਾਲ ਭਰਨ ਕਰਕੇ ਕਿਸੇ ਵੀ ਉਦਯੋਗਿਕ ਖਪਤਕਾਰ ਨੂੰ ਕੋਈ ਜੁਰਮਾਨਾ ਨਹੀਂ ਪੈਣ ਦਿੱਤਾ ਜਾਵੇਗਾ ਅਤੇ ਨਾ ਹੀ ਕਿਸੇ ਦਾ ਕੁਨੈਕਸ਼ਨ ਕੱਟਿਆ ਜਾਵੇਗਾ। ਵਿਧਾਇਕ ਸਿੱਧੂ ਨੇ ਕੈਂਪ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਭਲਕੇ ਹਲਕਾ ਆਤਮ ਨਗਰ ਵਿੱਚ ਪੈਂਦੇ, ਗੁਰੂਦੁਆਰਾ ਗੁਰੂ ਨਾਨਕ ਪ੍ਰਕਾਸ਼, ਦੁਰਗਾ ਨਗਰ, ਨਿਊ ਜਨਤਾ ਨਗਰ, ਗਲੀ ਨੰਬਰ 2, ਲੁਧਿਆਣਾ ਵਿਖੇ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ ਜਿੱਥੇ ਉਹ ਖੁਦ ਅਤੇ ਬਿਜਲੀ ਬੋਰਡ ਦੇ ਉੱਚ ਅਧਿਕਾਰੀ ਪਹੁੰਚ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਵੱਲੋਂ ਕਮਰਸ਼ੀਅਲ ਕੁਨੈਕਸ਼ਨਾ ਦੇ ਬਿੱਲਾਂ ਵਿੱਚ ਲੋਡ ਦੀ ਸਿਕਿਉਰਿਟੀ ਪਾਈ ਗਈ ਹੈ ਜਿਸ ਕਾਰਨ ਉਦਯੋਗਪਤੀਆਂ ਦੇ ਬਿਜਲੀ ਬਿੱਲਾਂ ਵਿੱਚ ਇਜਾਫਾ ਹੋਇਆ ਹੈ। ਹਲਕਾ ਆਤਮ ਨਗਰ ਦੇ ਉਦਯੋਗਪਤੀਆਂ ਵੱਲੋਂ ਵਿਧਾਇਕ ਸਿੱਧੂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਉਨ੍ਹਾਂ ਦੀਆਂ ਫੈਕਟਰੀਆਂ ਦੇ ਬਿੱਲ ਜ਼ਿਆਦਾ ਆਏ ਹਨ ਕਿਉਂਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿੱਲਾਂ ਵਿੱਚ ਲੋਡ ਦੀ ਸਿਕਿਉਰਿਟੀ ਪਾਈ ਗਈ ਹੈ ਜੋ ਕਿ ਸਹੀ ਨਹੀਂ ਹੈ। ਵਿਧਾਇਕ ਸਿੱਧੂ ਵੱਲੋਂ ਇਸ ਮਸਲੇ ‘ਤੇ ਫੌਰੀ ਤੌਰ ‘ਤੇ ਕਾਰਵਾਈ ਕਰਦਿਆਂ ਪੀ.ਐਸ.ਪੀ.ਸੀ.ਐਲ. ਦੇ ਚੀਫ ਇੰਜੀਨੀਅਰ ਸ.ਪਰਵਿੰਦਰ ਸਿੰਘ ਖਾਂਬਾ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ ਗਈ ਅਤੇ ਉਦਯੋਗਪਤੀਆਂ ਦੀ ਸਮੱਸਿਆ ਤੋਂ ਜਾਣੂੰ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਸਿੱਧੂ ਨਾਲ ਅਮ੍ਰਿਤਪਾਲ ਕਲਸੀ, ਸਚਿਨ ਮਨਚੰਦਾ, ਕਵਲਪ੍ਰੀਤ ਸਿੰਘ ਮਲਹੋਤਰਾ, ਵਾਸੂ ਸਾਹਨੀ, ਬਲਵਿੰਦਰ ਸਿੰਘ ਸਿਆਨ, ਰਾਜੂ ਸ਼ਿਮਲਾਪੁਰੀ, ਹਰਵਿੰਦਰ ਸੋਖੀ, ਯਸ਼ਪਾਲ ਸ਼ਰਮਾ, ਦਲੀਪ ਕੁਮਾਰ ਰਿੰਕੂ ਦਹੇਲਾ ਅਤੇ ਨਰੇਸ਼ ਕੁਮਾਰ ਵੀ ਹਾਜ਼ਰ ਸਨ। ਚੀਫ ਇੰਜੀਨੀਅਰ ਸ.ਪਰਵਿੰਦਰ ਸਿੰਘ ਖਾਂਬਾ ਵੱਲੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਹਲਕਾ ਆਤਮ ਨਗਰ ਵਿਖੇ ਕੈਂਪ ਲਗਾ ਕੇ ਉਦਯੋਗਿਕ ਖ਼ਪਤਕਾਰਾਂ ਦੇ ਬਿੱਲ ਤੁਰੰਤ ਦਰੁਸਤ ਕੀਤੇ ਜਾਣਗੇ ਅਤੇ ਕਿਸੇ ਵੀ ਖ਼ਪਤਕਾਰ ਨੂੰ ਕੋਈ ਪੈਨਾਲਟੀ ਨਹੀਂ ਪਵੇਗੀ ਅਤੇ ਨਾ ਹੀ ਕਿਸੇ ਫੈਕਟਰੀ ਦਾ ਮੀਟਰ ਕੱਟਿਆ ਜਾਵੇਗਾ। ਵਿਧਾਇਕ ਸਿੱਧੂ ਵੱਲੋਂ ਹਲਕਾ ਆਤਮ ਨਗਰ ਦੇ ਉਦਯੋਗਪਤੀਆਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਸਾਰਿਆਂ ਦੇ ਮਸ਼ਵਰੇ ਨਾਲ ਕੱਲ੍ਹ ਕੈਂਪ ਦਾ ਸਥਾਨ ਚੁਣਿਆ ਜਾਵੇਗਾ, ਜਿੱਥੇ ਸਾਰੇ ਉਦਯੋਗਪਤੀ ਆਪਣੇ ਬਿੱਲ ਦਰੁਸਤ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆਵੇ ਤਾਂ ਉਨ੍ਹਾਂ ਦੇ ਮੋਬਾਇਲ ਨੰਬਰਾਂ 97818-00002 ਅਤੇ 98140-22741 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਵਿਧਾਇਕ ਸਿੱਧੁ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਸੂਬੇ ਦੇ ਉਦਯੋਗ ਦੀ ਰੀੜ੍ਹ ਦੀ ਹੱਡੀ ਮੰਨੇ ਜਾਣ ਵਾਲੇ ਲੁਧਿਆਣਾ ਸ਼ਹਿਰ ਦੇ ਉਦਯੋਗ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ ਲਈ ਵਚਨਬੱਧ ਹੈ।