- ਸੜ੍ਹਕੀ ਆਵਾਜਾਈ ਸਬੰਧੀ ਵੱਖ-ਵੱਖ ਮੁੱਦਿਆਂ ‘ਤੇ ਕੀਤੇ ਵਿਚਾਰ ਵਟਾਂਦਰੇ
ਲੁਧਿਆਣਾ, ਸੰਜੇ ਮਿੰਕਾ – ਹਲਕਾ ਲੁਧਿਆਣਾ (ਪੂਰਬੀ) ਦੇ ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ (ਭੋਲਾ) ਵੱਲੋਂ ਅੱਜ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਦੇ ਪ੍ਰੋਜੈਕਟ ਡਾਇਰੈਕਟਰ ਸ੍ਰੀ ਵਰਿੰਦਰ ਸਿੰਘ ਨਾਲ ਖਾਸ ਮੁਲਾਕਾਤ ਕੀਤੀ ਅਤੇ ਸੜ੍ਹਕੀ ਆਵਾਜਾਈ ਸਬੰਧੀ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਵੀ ਕੀਤੇ। ਮੀਟਿੰਗ ਦੌਰਾਨ ਉਨ੍ਹਾਂ ਟਿੱਬਾ ਰੋਡ ਤੋਂ ਤਾਜ਼ਪੁਰ ਰੋਡ ਵਾਲੇ ਕੱਟ ਸਬੰਧੀ ਵੀ ਗੱਲਬਾਤ ਕੀਤੀ ਅਤੇ ਕਿਹਾ ਇਸ ਪ੍ਰੋਜੈਕਟ ਦਾ ਕੰਮ ਤਸੱਲੀਬਖ਼ਸ਼ ਢੰਗ ਨਾਲ ਕੀਤਾ ਜਾਵੇ ਅਤੇ ਇਸ ਨੂੰ 30 ਸਤੰਬਰ ਤੋਂ ਪਹਿਲਾਂ ਹਰ ਹੀਲੇ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਹਲਕੇ ਦੇ ਵਸਨੀਕਾਂ ਨੂੰ ਆਵਾਜਾਈ ਲਈ ਆ ਰਹੀਆਂ ਔਕੜਾਂ ਤੋਂ ਨਿਜਾਤ ਦਿਵਾਈ ਜਾ ਸਕੇ। ਵਿਧਾਇਕ ਭੋਲਾ ਨੇ ਬਸਤੀ ਜੋਧੇਵਾਲ ਚੋਂਕ ਵਿਖੇ ਲੱਗਦੇ ਭਾਰੀ ਜਾਮ ਬਾਰੇ ਵੀ ਜਾਣੂੰ ਕਰਵਾਇਆ ਅਤੇ ਪ੍ਰਸਤਾਵ ਰੱਖਿਆ ਗਿਆ ਇਸ ਸੜ੍ਹਕ ਨੂੰ ਹੋਰ ਚੌੜਾ ਕੀਤਾ ਜਾਵੇ ਜਿਸ ਨਾਲ ਟ੍ਰੈਫਿਕ ਜਾਮ ਤੋਂ ਛੁਟਕਾਰਾ ਮਿਲੇਗਾ। ਇਸ ਤੋਂ ਇਲਾਵਾ ਕੈਲਾਸ਼ ਨਗਰ ਦਾ ਵੀ ਫਲਾਈਓਵਰ ਬਣਾਇਆ ਜਾਵੇ ਜਿਸ ਨਾਲ ਟ੍ਰੈਫਿਕ ਡਾਈਵਰਟ ਹੋ ਜਾਵੇਗੀ। ਉਨ੍ਹਾਂ ਅੱਗੇ ਕਾਲੀ ਸੜ੍ਹਕ ਦੇ ਫਲਾਈਓਵਰ ਦਾ ਵੀ ਪ੍ਰਸਤਾਵ ਰੱਖਿਆ। ਉਨ੍ਹਾਂ ਕਿਹਾ ਕਿ ਹਾਈਵੇਅ ਦੇ ਨਾਲ-ਨਾਲ ਲੱਗਦੀ ਸਰਵਿਸ ਰੋਡ ਦੀ ਵੀ ਤੁਰੰਤ ਮੁਰੰਮਤ ਕੀਤੀ ਜਾਵੇ ਤਾਂ ਜੋ ਆਗਾਮੀ ਮੌਨਸੂਨ ਸੀਜ਼ਨ ਦੌਰਾਨ ਵਸਨੀਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।