
ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਜਿਲ੍ਹਾ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਡਾ. ਨਰਿੰਦਰ ਸਿੰਘ ਬੈਨੀਪਾਲ ਵੱਲੋਂ ਡਿਪਟੀ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ ਲੁਧਿਆਣਾ ਸ. ਸੰਗਰਾਮ ਸਿੰਘ ਦੇ ਸਹਿਯੋਗ ਨਾਲ ਜਿਲ੍ਹੇ ਦੇ ਸਮੂਹ ਸਕੱਤਰਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਟ੍ਰੇਨਿੰਗ ਦਿੱਤੀ ਗਈ ਹੈ। ਮੀਟਿੰਗ ਵਿੱਚ ਸੰਬੋਧਿਤ ਕਰਦਿਆਂ ਡਾ. ਬੈਨੀਪਾਲ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਿਕ ਪਾਣੀ ਦੇ ਅਣਮੁੱਲੇ ਸਰੋਤ ਨੂੰ ਬਚਾਉਣ ਲਈ ਸਾਲ 2022 ਦੌਰਾਨ ਵੱਧ ਤੋਂ ਵੱਧ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ (ਤਰ ਵੱਤਰ ਤਕਨੀਕ) ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਪੰਜਾਬ ਸੂਬੇ ਵਿੱਚ ਧਰਤੀ ਹੇਠਲਾ ਪਾਣੀ ਦਾ ਪੱਧਰ ਜੋ ਕਿ ਲਗਾਤਾਰ ਥੱਲੇ ਜਾ ਰਿਹਾ ਹੈ, ਉਸ ਨੂੰ ਠੱਲ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ਦੇ ਸਕੱਤਰ ਕਿਸਾਨਾਂ ਨਾਲ ਸਿੱਧੇ ਸੰਪਰਕ ਵਿੱਚ ਹੁੰਦੇ ਹਨ, ਇਸ ਲਈ ਉਹ ਜਾਗਰੂਕਤਾ ਮੁਹਿੰਮ ਵਿੱਚ ਵਧੀਆਂ ਰੋਲ ਨਿਭਾ ਸਕਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਕਿਸਾਨ ਲੰਬਾ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇ ਕਿ ਪੂਸਾ-44 ਦੀ ਕਾਸ਼ਤ ਕਰਨ ਤੋਂ ਗੁਰੇਜ ਕਰਨ ਤਾਂ ਜੋ ਪਾਣੀ ਬਚਾਓ, ਪੰਜਾਬ ਬਚਾਓ ਮੁਹਿ਼ੰਮ ਸਫਲਤਾਪੂਰਵਕ ਨੇਪਰੇ ਚਾੜ੍ਹੀ ਜਾ ਸਕੇ। ਸਹਿਕਾਰੀ ਸਭਾਵਾਂ ਦੇ ਮੈਂਬਰ ਕਿਸਾਨਾਂ ਨੂੰ ਸਕੱਤਰ ਵੱਧ ਤੋਂਂ ਵੱਧ ਰਕਬਾ ਸਿੱਧੀ ਬਿਜਾਈ ਹੇਠ ਲਿਆਉਣ ਲਈ ਪ੍ਰੇਰਿਤ ਕਰਨ। ਡਿਪਟੀ ਰਜਿਸਟਰਾਰ ਕੋਅਪਰੇਟਿਵ ਸੁਸਾਇਟੀ ਸ. ਸੰਗਰਾਮ ਸਿੰਘ ਵੱਲੋਂ ਮੁੱਖ ਖੇਤੀਬਾੜੀ ਅਫਸਰ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਬਣਦਾ ਸਹਿਯੋਗ ਦਿੱਤਾ ਜਾਵੇਗਾ ਅਤੇ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਕਰਮਚਾਰੀਆਂ ਵੱਲੋਂਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ। ਜਿਲ੍ਹੇ ਵਿੱਚ ਲਗਾਏ ਗਏ ਮਾਸਟਰ ਟ੍ਰੇਨਰਾਂ ਡਾ. ਜਗਦੇਵ ਸਿੰਘ, ਐਗਰੋੋਨੋਮਿਸਟ, ਡਾ ਗੁਰਿੰਦਰ ਪਾਲ ਕੌਰ, ਜਿਲ੍ਹਾ ਖੇਤੀ ਸੂਚਨਾ ਅਫਸਰ, ਡਾ. ਰੁਪਿੰਦਰ ਕੌਰ, ਸਹਾਇਕ ਤੇਲਬੀਜ ਪ੍ਰਸਾਰ ਅਫਸਰ, ਡਾ ਸੁਖਵਿੰਦਰ ਕੌਰ ਗਰੇਵਾਲ, ਸਹਾਇਕ ਗੰਨਾ ਵਿਕਾਸ ਅਫਸਰ ਅਤੇ ਇੰਜ: ਅਮਨਪ੍ਰੀਤ ਸਿੰਘ ਘਈ ਵੱਲੋਂ ਸਮੂਹ ਸਕੱਤਰਾਂ ਨੂੰ ਇਸ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ। ਇੰਜ: ਅਮਨਪ੍ਰੀਤ ਸਿੰਘ ਘਈ ਵੱਲੋਂ ਦੱਸਿਆ ਗਿਆ ਕਿ ਸੁਸਾਇਟੀਆਂ ਵਿੱਚ ਮੌਜੂਦ ਮਸ਼ੀਨਾਂ ਜਿਵੇਂ ਕਿ ਜੀਰੋ ਟ੍ਰਿਲ ਡਰਿੱਲ, ਹੈਪੀ ਸੀਡਰ ਜਾਂ ਸੁਪਰ ਸੀਡਰ ਮਸ਼ੀਨਾਂ ਵਿੱਚ ਥੋੜੀ ਜਿਹੀ ਸੋਧ ਕਰਕੇ ਉਨ੍ਹਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵਿੱਚ ਵਰਤਿਆ ਜਾ ਸਕਦਾ ਹੈ। ਇਸ ਲਈ ਕਿਸਾਨਾਂ ਦੀ ਲੋੜ ਮੁਤਾਬਿਕ ਉਪਲੱਬਧ ਮਸ਼ੀਨਾਂ ਵਿੱਚ ਆਰਜੀ ਤੌਰ ਤੇ ਸੋਧ ਕਰਕੇ ਸਿੱਧੀ ਬਿਜਾਈ ਲਈ ਵਰਤਣਯੋਗ ਬਣਾਇਆ ਜਾਵੇ ਤਾਂ ਜੋ ਕਿਸਾਨਾਂ ਤੇ ਹੋਰ ਮਸ਼ੀਨਰੀ ਖ੍ਰੀਦਣ ਦਾ ਬੋਝ ਨਾ ਪਏ। ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ ‘ਤੇ ਜਿਲ੍ਹੇ ਵਿੱਚ ਮੌਜੂਦ ਮਾਸਟਰ ਟ੍ਰੇਨਰਜ਼ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।