Saturday, May 10

ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਬੁੱਢੇ ਨਾਲੇ ‘ਤੇ ‘ਰਾਈਜ਼ਿੰਗ ਮੇਨ ਲਾਈਨ’ ਦੇ ਨਿਰਮਾਣ ਕਾਰਜ਼ ਦਾ ਕੀਤਾ ਉਦਘਾਟਨ

  • ਰਾਈਜ਼ਿੰਗ ਮੇਨ ਦਾ ਮੁੱਖ ਉਦੇਸ਼ ਇੰਟਰਮੀਡੀਏਟ ਪੰਪਿੰਗ ਸਟੇਸ਼ਨ (ਆਈ.ਪੀ.ਐਸ.) ਤੋਂ ਗੰਦੇ ਪਾਣੀ ਨੂੰ ਸਬੰਧਤ ਐਸ.ਟੀ.ਪੀਜ਼ ਤੱਕ ਲਿਜਾਣਾ ਹੈ – ਵਿਧਾਇਕ ਗੋਗੀ

ਲੁਧਿਆਣਾ, (ਸੰਜੇ ਮਿੰਕਾ)  – ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨੇ ਅੱਜ ਬੁੱਢੇ ਨਾਲੇ ਤੇ ‘ਰਾਈਜ਼ਿੰਗ ਮੇਨ ਲਾਈਨ’ ਦੇ ਨਿਰਮਾਣ ਕਾਰਜ਼ ਦੀ ਸ਼ੁਰੂਆਤ ਦਾ ਉਦਘਾਟਨ ਕੀਤਾ। ਇਹ 3.5 ਕਰੋੜ ਰੁਪਏ ਦਾ ਪ੍ਰੋਜੈਕਟ 650 ਕਰੋੜ ਰੁਪਏ ਦੇ ਬੁੱਢੇ ਨਾਲੇ ਦੇ ਪੁਨਰ-ਨਿਰਮਾਣ ਪ੍ਰੋਜੈਕਟ ਦਾ ਹਿੱਸਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੀ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨੇ ਦੱਸਿਆ ਕਿ ਇਹ ਪ੍ਰੋਜੈਕਟ 650 ਕਰੋੜ ਰੁਪਏ ਦੀ ਲਾਗਤ ਵਾਲੇ ਬੁੱਢੇ ਨਾਲੇ ਦੇ ਕਾਇਆ ਕਲਪ ਪ੍ਰੋਜੈਕਟ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਪਾਈਪ ਲਾਈਨ ਸਬਜ਼ੀ ਮੰਡੀ ਪੁਲੀ ਤੋਂ ਭਗਵਾਨ ਮਹਾਂਵੀਰ ਕਾਲਜ ਇੰਟਰਮੀਡੀਏਟ ਪੰਪਿੰਗ ਸਟੇਸ਼ਨ (ਆਈ.ਪੀ.ਐਸ.) ਨੇੜੇ ਵਿਛਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਟੀਚਾ ਉਨ੍ਹਾਂ ਸਾਰੇ ਰਸਤਿਆਂ ਨੂੰ ਬੰਦ ਕਰਨਾ ਹੈ ਜਿੱਥੋਂ ਘਰੇਲੂ ਗੰਦਾ ਪਾਣੀ ਬੁੱਢੇ ਨਾਲੇ ਵਿੱਚ ਦਾਖਲ ਹੁੰਦਾ ਹੈ, ਇਨ੍ਹਾਂ ਰਸਤਿਆਂ ਵਿੱਚੋਂ ਆਉਣ ਵਾਲੇ ਪਾਣੀ ਦੇ ਵਹਾਅ ਨੂੰ ਇਕੱਠਾ ਕਰਕੇ ਨੇੜੇ ਦੇ ਆਈ.ਪੀ.ਐਸ. ਰਾਹੀਂ ਸੀਵਰੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ.) ਤੱਕ ਪਹੁੰਚਾਉਣਾ ਹੈ। ਰਾਈਜ਼ਿੰਗ ਮੇਨ ਲਾਈਨ ਦਾ ਮੁੱਖ ਉਦੇਸ਼ ਇੰਟਰਮੀਡੀਏਟ ਪੰਪਿੰਗ ਸਟੇਸ਼ਨ (ਆਈ.ਪੀ.ਐਸ.) ਤੋਂ ਗੰਦੇ ਪਾਣੀ ਨੂੰ ਸਬੰਧਤ ਐਸ.ਟੀ.ਪੀਜ਼ ਤੱਕ ਲਿਜਾਣ ਲਈ ਬੁੱਢੇ ਨਾਲੇ ਦੇ ਕਿਨਾਰੇ ਪਾਈਪਲਾਈਨ ਵਿਛਾਉਣ ਦੁਆਰਾ ਘਰੇਲੂ ਸੀਵਰੇਜ ਨੂੰ ਸੰਭਾਲਣਾ ਹੈ।

About Author

Leave A Reply

WP2Social Auto Publish Powered By : XYZScripts.com