Saturday, May 10

ਦੇਸ਼ ਭਗਤ ਵਿਰਾਸਤ ਨੂੰ ਸਹੀ ਪ੍ਰਸੰਗ ਵਿੱਚ ਸਮਝਣ ਲਈ ਇਤਿਹਾਸ ਸਬੰਧੀ ਕਿਤਾਬਾਂ ਨਾਲ ਜੁੜੋ- ਗੁਰਭਜਨ ਗਿੱਲ

ਲੁਧਿਆਣਾ (ਸੰਜੇ ਮਿੰਕਾ) – ਬੀਤੀ ਸ਼ਾਮ ਸ਼ਹੀਦ ਸੁਖਦੇਵ ਦੇ 115ਵੇਂ ਜਨਮ ਦਿਹਾੜੇ ਨੂੰ ਨਾਰਥ ਜ਼ੋਨ ਕਲਚਰਲ ਸੈਟਰ ਪਟਿਆਲਾ ਵੱਲੋਂ ਆਲ ਇੰਡੀਆ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰਸਟ (ਰਜਿਃ) ਦੇ ਸਹਿਯੋਗ ਨਾਲ ਸ਼ਹੀਦ ਦੇ ਜਨਮ ਸਥਾਨ ਲੁਧਿਆਣਾ ਸਥਿਤ ਨੌ ਘਰਾ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਉੱਘੇ ਕਵੀ ਗੁਰਭਜਨ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਜੰਗੇ ਆਜ਼ਾਦੀ ਦੇ ਸੂਰਬੀਰ ਸ਼ਹੀਦਾਂ ਦੀ ਵਿਰਾਸਤ ਨੂੰ ਸਮਝਣ ਲਈ ਮੂੰਹ ਜ਼ਬਾਨੀ ਸੁਣੀਆਂ ਸੁਣਾਈਆਂ ਘਟਨਾਵਾਂ ਤੇ ਵਿਸ਼ਵਾਸ ਕਰਨ ਦੀ ਥਾਂ ਇਤਿਹਾਸ ਸਬੰਧੀ ਕਿਤਾਬਾਂ ਦੇ ਅਥਿਐਨ ਦੀ ਲੋੜ ਹੈ। ਸ਼ਹੀਦ ਸੁਖਦੇਵ ਦੀ ਵਿਸ਼ਲੇਸ਼ਣੀ ਸੂਝ ਤੇ ਸ਼ਹੀਦ ਭਗਤ ਸਿੰਘ ਦੀ ਪ੍ਰਬਲ ਭਾਵਨਾ ਦੇ ਸੁਮੇਲ ਸਦਕਾ ਹੀ ਇਹ ਨੌਜਵਾਨਾਂ ਦੀ ਇਨਕਲਾਬੀ ਲਹਿਰ ਮਜਬੂਤ ਆਧਾਰ ਬਣਾ ਸਕੀ ਅਤੇ ਕੌਮੀ ਪੱਧਰ ਤੇ ਅਸਰਦਾਰ ਹੋ ਸਕੀ। ਉਨ੍ਹਾਂ ਕਿਹਾ ਕਿ ਪਿਸਤੌਲ ਧਾਰੀ ਨਾਇਕਤਵ ਉਸਾਰ ਕੇ ਹਾਕਮ ਧਿਰਾਂ ਨੌਜਵਾਨ ਪੀੜ੍ਹੀ ਨੂੰ ਰਾਹੋਂ ਕੁਰਾਹੇ ਪਾਉਣ ਵਿੱਚ ਵੱਡਾ ਹਿੱਸਾ ਪਾਉਣ ਵਿਚ ਦੁਸ਼ਮਣ ਤਾਕਤਾਂ ਨੂੰ ਸਹਿਯੋਗ ਦੇਂਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਉਮਰੋਂ ਭਾਵੇਂ ਸ਼ਹੀਦ ਸੁਖਦੇਵ ਤੋਂ ਚਾਰ ਮਹੀਨੇ ਨਿੱਕਾ ਸੀ ਪਰ ਪਿਤਾਪੁਰਖੀ ਇਨਕਲਾਬੀ ਸੋਚ ਕਾਰਨ ਬਹੁਤ ਕਿਤਾਬਾਂ ਪੜ੍ਹਦਾ ਸੀ। ਆਪਣੇ ਨੈਸ਼ਨਲ ਕਾਲਿਜ  ਲਾਹੌਰ ਦੇ ਅਧਿਆਪਕ ਜੈ ਚੰਦ ਵਿਦਿਆਲੰਕਾਰ ਤੇ ਪ੍ਰਿੰਸੀਪਲ ਛਬੀਲ ਦਾਸ ਦੀ ਅਗਵਾਈ ਹੇਠ ਇਨ੍ਹਾਂ ਦੋਹਾਂ ਨੇ ਇਨਕਲਾਬ ਬਾਰੇ ਗੂੜ੍ਹ ਗਿਆਨ ਕਿਤਾਬਾਂ ਤੋਂ ਹੀ ਹਾਸਲ ਕੀਤਾ ਸੀ। ਪ੍ਰੋਃ ਗਿੱਲ ਨੇ ਦੱਸਿਆ ਕਿ ਸ਼ਹੀਦ ਸੁਖਦੇਵ ਦੇ ਪਿਤਾ ਜੀ ਰਾਮ ਲਾਲ ਥਾਪਰ ਦੀ ਮੌਤ ਵੇਲੇ ਸੁਖਦੇਵ ਸਿਰਫ਼ ਤਿੰਨ ਸਾਲ ਦਾ ਸੀ ਅਤੇ ਉਸ ਦੀ ਪਰਵਰਿਸ਼ ਉਸ ਦੇ ਤਾਇਆ ਜੀ ਅਚਿੰਤ ਰਾਮ ਥਾਪਰ ਨੇ ਲਾਇਲਪੁਰ ਚ ਕੀਤੀ। ਇਥੇ ਹੋਣ ਕਾਰਨ ਹੀ ਸ਼ਹੀਦ ਭਗਤ ਸਿੰਘ ਦੇ ਬਾਬਾ ਜੀ ਸਃ ਅਰਜਨ ਸਿੰਘ ਅਤੇ ਬਾਪ ਸਃ ਕਿਸ਼ਨ ਸਿੰਘ  ਨਾਲ ਦੇਸ਼ ਭਗਤ ਰੁਚੀਆਂ ਵਾਲੇ ਅਚਿੰਤ ਰਾਮ ਥਾਪਰ ਪਰਿਵਾਰ ਦੀ ਨੇੜਤਾ ਸੀ। ਬਚਪਨ ਵੇਲੇ ਦੋਵੇਂ ਬਾਲ ਭਗਤ ਸਿੰਘ ਤੇ ਸੁਖਦੇਵ ਇਕੱਠਿਆਂ ਖੇਡਦੇ ਰਹੇ ਹਨ। ਬਚਪਨ ਤੋਂ ਲੈ ਕੇ ਫਾਂਸੀ ਲੱਗਣ ਵਾਲੇ ਦਿਨ 23 ਮਾਰਚ1931 ਤੀਕ ਦੋਵੇਂ ਅੰਗ ਸੰਗ ਰਹੇ। ਨਾਰਥ ਜ਼ੋਨ ਕਲਚਰਲ ਸੈਂਟਰ ਦੇ ਪ੍ਰੋਗਰਾਮ ਅਫ਼ਸਰ ਰਵਿੰਦਰ ਕੁਮਾਰ ਸ਼ਰਮਾ ਨੇ ਸਮਾਗਮ ਦੀ ਰੂਪ ਰੇਖਾ ਦੱਸਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿਭਾਗ ਦੀ ਸੀਨੀਅਰ ਪ੍ਰੋਫ਼ੈਸਰ ਡਾਃ ਮੰਜੂ ਮਲਹੋਤਰਾ ਅਤੇ ਡਾਃ ਪ੍ਰਦੀਪ ਸ਼ਰਮਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪ੍ਰਸਿੱਧ ਲੋਕ ਗਾਇਕ ਮੁਹੰਮਦ ਇਰਸ਼ਾਦ ਤੇ ਕਵੀ ਕਰਮਜੀਤ ਗਰੇਵਾਲ ਨੇ ਦੇਸ਼ ਭਗਤੀ ਦੇ ਗੀਤ ਤੇ ਕਵਿਤਾਵਾਂ ਸੁਣਾਈਆਂ। ਇਸ ਮੌਕੇ ਆਲ ਇੰਡੀਆ ਸ਼ਹੀਦ ਸੁਖਦੇਵ ਥਾਪਰ ਟਰਸਟ ਦੇ ਚੇਅਰਮੈਨ ਅਸ਼ੋਕ ਥਾਪਰ,ਬ੍ਰਿਜ ਭੂਸ਼ਨ ਗੋਇਲ, ਤ੍ਰਿਭੁਵਨ ਥਾਪਰ,ਰਣਜੋਧ ਸਿੰਘ ਜੀ ਐੱਸ,ਮਨੋਜ ਕੁਮਾਰ, ਜਗਦੀਸ਼ਪਾਲ ਸਿੰਘ ਗਰੇਵਾਲ, ਡਾਃ ਮੰਜੂ ਮਲਹੋਤਰਾ ਤੇ ਪ੍ਰਿੰਸੀਪਲ ਪਰਦੀਪ ਸ਼ਰਮਾ ਤੇ ਸੈਂਕੜੇ ਮਹੱਤਵਪੂਰਨ ਵਿਅਕਤੀ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com