Saturday, May 10

ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਭੀਖ ਮੰਗਣ ਤੋਂ ਰੋਕਣ ਲਈ ਚਲਾਇਆ ਗਿਆ ਅਭਿਆਨ

ਲੁਧਿਆਣਾ (ਸੰਜੇ ਮਿੰਕਾ) – ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਅਤੇ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋ ਜਾਰੀ ਹਦਾਇਤਾਂ ਤੇ ਕਾਰਵਾਈ ਕਰਦੇ ਹੋਏ ਰਾਜ ਵਿੱਚ ਬਾਲ ਭਿਖਿਆ ਨੂੰ ਰੋਕਣ ਲਈ ਮਿਤੀ 1.05.2022 ਨੂੰ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਲੁਧਿਆਣਾ, ਸਿੱਖਿਆ ਵਿਭਾਗ, ਚਾਈਲਡ ਲਾਈਨ, ਪੁਲਿਸ ਵਿਭਾਗ ਅਤੇ ਆਸ ਅਹਿਸਾਸ NGO ਵੱਲੋ ਸਾਂਝੇ ਤੌਰ ਤੇ ਲੁਧਿਆਣਾ ਦੇ ਵੱਖ-ਵੱਖ ਥਾਵਾਂ ਤੇ ਬਾਲ ਭਿਖਾਰੀਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਇਕ ਅਭਿਆਨ ਚਲਾਇਆ ਗਿਆ। ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋ ਜਿਲ੍ਹਾ ਬਾਲ ਸੁਰੱਖਿਆ ਅਫਸਰ ਨੂੰ ਮੁਕੰਮਲ ਰੂਪ ਵਿੱਚ ਚਾਇਲਡ ਬੈਗਿੰਗ ਰੇਡ ਦਾ ਨੋਡਲ ਅਫਸਰ ਬਣਾਇਆ ਗਿਆ ਜਿਨ੍ਹਾਂ ਦੀ ਪ੍ਰਧਾਨਗੀ ਹੇਠ ਚਾਇਲਡ ਬੈਗਿੰਗ ਦੀ ਰੇਡ ਕੀਤੀ ਗਈ  ਇਸ ਰੇਡ ਵਿੱਚ ਭਾਰਤ ਨਗਰ ਚੌਂਕ ਅਤੇ ਬੱਸ ਸਟੈਂਡ ਦੇ ਨੇੜਲੇ ਇਲਾਕਿਆਂ ਵਿੱਚ ਜਾ ਕੇ ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਿਆ ਗਿਆ।
ਇਸ ਅਭਿਆਨ ਵਿਚ 7 ਬੱਚਿਆਂ ਨੂੰ ਭੀਖ ਮੰਗਦੇ ਪਕੜਿਆ ਗਿਆ। ਬਾਲ ਸੁਰੱਖਿਆ ਵਿਭਾਗ ਦੀ ਟੀਮ ਵੱਲੋ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕੀਤਾ ਗਿਆ ਅਤੇ ਉਹਨਾਂ ਦੀ ਕਾਊਂਸਲਿੰਗ ਕੀਤੀ ਤੇ ਉਹਨਾਂ ਨੂੰ ਭਵਿੱਖ ਵਿੱਚ ਬੱਚਿਆਂ ਤੋਂ ਭੀਖ ਨਾ ਮੰਗਵਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਲਈ ਵੀ ਉਤਸਾਹਿਤ ਕੀਤਾ ਗਿਆ।
ਸ਼੍ਰੀਮਤੀ ਰਸ਼ਮੀ, ਜਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋ ਦੱਸਿਆ ਗਿਆ ਕਿ ਭਵਿੱਖ ਵਿੱਚ ਵੀ ਅਜਿਹੀਆਂ ਅਚਨਚੇਤ ਚੈਕਿੰਗਾਂ ਹੋਣਗੀਆਂ ਤਾਂ ਕਿ ਲੁਧਿਆਣਾ ਨੂੰ ਬਾਲ ਭਿਖਿਆ ਤੋਂ ਮੁਕਤ ਕੀਤਾ ਜਾ ਸਕੇ ਅਤੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾ ਕੇ ਉਹਨਾਂ ਦਾ ਭਵਿੱਖ ਸੁਰੱਖਿਅਤ ਅਤੇ ਉੱਜਵਲ ਬਣਾਇਆ ਜਾ ਸਕੇ। ਬਾਕੀ ਵਿਭਾਗਾਂ ਵੱਲੋ ਜੋ ਵੀ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਉਹਨਾਂ ਬਾਰੇ ਵੀ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਜਾਣੂੰ ਕਰਵਾਇਆ ਗਿਆ। ਟੀਮ ਵਿੱਚ ਬਾਲ ਸੁਰੱਖਿਆ ਵਿਭਾਗ ਦੇ ਸ਼੍ਰੀਮਤੀ ਹਰਪ੍ਰੀਤ ਕੌਰ (ਬਾਲ ਸੁਰੱਖਿਆ ਅਫਸਰ (IC) ਅਤੇ ਸ਼੍ਰੀਮਤੀ ਰੀਤੂ ਸੂਦ (ਆਊਟਰੀਚ ਵਰਕਰ) ਹਾਜ਼ਰ ਸਨ ।

About Author

Leave A Reply

WP2Social Auto Publish Powered By : XYZScripts.com