ਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਲਈ ਵਚਨਬੱਧ ਹੈ – ਵਿਧਾਇਕ ਮਦਨ ਲਾਲ ਬੱਗਾ
ਲੁਧਿਆਣਾ, (ਸੰਜੇ ਮਿੰਕਾ)- ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਸਥਾਨਕ ਬਹਾਦੁਰ-ਕੇ ਰੋਡ ‘ਤੇ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਆੜ੍ਹਤੀਆਂ ਦੀ ਸਮੱਸਿਆਵਾਂ ਨੂੰ ਸੁਣਿਆ ਅਤੇ ਜਲਦ ਹੱਲ ਕਰਨ ਦਾ ਵੀ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰੀ ਦਰਸ਼ਨ ਲਾਲ ਬਵੇਜਾ ਅਤੇ ਸਮੂਹ ਸਟਾਫ ਦਫ਼ਤਰ ਮਾਰਕੀਟ ਕਮੇਟੀ ਲੁਧਿਆਣਾ ਵੱਲੋਂ ਵਿਧਾਇਕ ਬੱਗਾ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਸ. ਤੇਜ ਬਹਾਦਰ ਸਿੰਘ ਅਤੇ ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਦਵਿੰਦਰ ਸਿੰਘ ਕੈਂਥ ਵੀ ਮੌਜੂਦ ਸਨ। ਵਿਧਾਇਕ ਬੱਗਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ‘ਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦੀਆਂ ਬਹੁਤ ਆਸਾਂ ਬੱਝੀਆਂ ਹਨ। ਉਨ੍ਹਾ ਕਿਹਾ ਕਿ ਮੰਡੀ ਬੋਰਡ ਦੇ ਆੜ੍ਹਤੀਆਂ ਅਤੇ ਰਿਹਾਇਸ਼ੀ ਕਲੋਨੀਆਂ ਦੇ ਵਸਨੀਕਾਂ ਵੱਲੋਂ ਆਪਣੀਆਂ ਵੱਖ-ਵੱਖ ਸਮੱਸਿਆਵਾਂ ਸਬੰਧੀ, ਉਨ੍ਹਾ ਤੱਕ ਪਹੁੰਚ ਕੀਤੀ ਜਾ ਰਹੀ ਸੀ ਜਿਸਦੇ ਤਹਿਤ ਉਨ੍ਹਾਂ ਮੰਡੀ ਦਾ ਵਿਸ਼ੇਸ਼ ਦੌਰਾ ਕੀਤਾ। ਉਨ੍ਹਾ ਦੱਸਿਆ ਕਿ ਪਹਿਲਾਂ ਵੀ ਇਸ ਸਬੰਧੀ, ਸਬੰਧਤ ਵਿਭਾਗਾਂ ਦੇ ਵੱਖ-ਵੱਖ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਹਨ ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਮੰਡੀ ਵਿੱਚ ਪੈਚਵਰਕ, ਸੀਵਰੇਜ਼ ਤੇ ਸਫਾਈ ਸਮੱਸਿਆ ਦਾ ਜਲਦ ਨਿਬੇੜਾ ਕੀਤਾ ਜਾਵੇਗਾ। ਮੀਟਿੰਗ ਦੌਰਾਨ ਉਨ੍ਹਾਂ ਮੌਕੇ ‘ਤੇ ਹੀ ਮੰਡੀ ਦੀ ਸਾਫ-ਸਫਾਈ ਸਬੰਧੀ ਠੇਕੇਦਾਰ ਨੂੰ ਹਦਾਇਤਾਂ ਜਾਰੀ ਕੀਤੀਆਂ। ਵਿਧਾਇਕ ਬੱਗਾ ਨੇ ਭਰੋਸਾ ਦਿਵਾਇਆ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਹਰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰੀ ਦਰਸ਼ਨ ਲਾਲ ਬਵੇਜਾ ਨੇ ਵਿਧਾਇਕ ਬੱਗਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾ ਦੀ ਅਗੁਵਾਈ ਹੇਠ ਆੜ੍ਹਤੀਆਂ ਨੂੰ ਹਰ ਸੰਭਵ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹਨ।