Saturday, May 10

ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਲੁਧਿਆਣਾ ਵੱਲੋਂ ਪਿੱਪਲ ਪੱਤੀਆਂ ਨਾਮ ਹੇਠ ਸੰਗੀਤਕ ਸ਼ਾਮ

  • ਸੁਰ ਸ਼ਬਦ ਸੰਗੀਤ ਦੇ ਵਿਸਮਾਦੀ ਸੁਮੇਲ ਨਾਲ ਹੀ ਖਿੱਲਰਿਆ ਮਨ  ਇਕਾਗਰ ਹੋ ਸਕਦਾ  ਹੈ- ਪ੍ਰੋਃ ਗੁਰਭਜਨ ਸਿੰਘ ਗਿੱਲ

ਲੁਧਿਆਣਾ:  (ਸੰਜੇ ਮਿੰਕਾ) – ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਲੁਧਿਆਣਾ ਵਿਚ ਸੰਗੀਤਕ ਸ਼ਾਮ ‘ਪਿੱਪਲ ਪੱਤੀਆਂ’ ਮੌਕੇ ਸੰਬੋਧਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ  ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸੁਰ ਸ਼ਬਦ ਸੰਗੀਤ ਦੇ ਵਿਸਮਾਦੀ ਸੁਮੇਲ ਨਾਲ ਹੀ ਖੰਡਿਤ ਸੁਰਤਿ ਇਕਾਗਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੇਰੀ ਰਚਨਾ ਨੂੰ ਇਸ਼ਮੀਤ ਇੰਸਟੀਚਿਉਟ ਦੇ ਵਿਦਿਆਰਥੀਂਆਂ ਤੇ ਸਟਾਫ਼ ਚ ਸ਼ਾਮਿਲ ਕਲਾਕਾਰਾਂ ਨੇ ਨਵੇਂ ਅਰਥ ਦਿੱਤੇ ਹਨ। ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਵਿਸ਼ਵ ਮਾਤ – ਦਿਵਸ ਮੌਕੇ ਇਸ ਸੰਗੀਤਕ ਸਮਾਗਮ ਪਿੱਪਲ ਪੱਤੀਆਂ ਦੀ ਪੇਸ਼ਕਾਰੀ ਬੇਹੱਦ ਯਾਦਗਾਰੀ ਹੈ। ਉਨ੍ਹਾਂ ਕਿਹਾ ਕਿ ਮਾਵਾਂ ਦੀ ਮੌਤ ਤੋਂ  ਬਾਦ ਵੀ ਉਹ ਹਾਜ਼ਰ ਹੀ ਰਹਿੰਦੀਆਂ ਹਨ ਕਿਉਂਕਿ ਜਿਸਮ ਦੀ ਮੌਤ ਮਾਂ ਦੀ ਮੌਤ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਉਹ ਤਾਂ ਕੇਵਲ ਚੋਲ਼ਾ ਬਦਲੇ ਕੌਣ ਕਹੇ ਮਾਂ ਮਰ ਜਾਂਦੀ ਹੈ। ਉਹ ਤਾਂ ਆਪਣੇ ਬੱਚਿਆਂ ਅੰਦਰ ਸਾਰਾ ਕੁਝ ਹੀ ਧਰ ਜਾਂਦੀ ਹੈ। ਸਮਾਗਮ ਤੋਂ ਪਹਿਲਾਂ ਪ੍ਰੋਃ ਗੁਰਭਜਨ ਸਿੰਘ ਗਿੱਲ , ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ, ਸਿਕੰਦਰ ਸਿੰਘ ਗਰੇਵਾਲ, ਡਾਃ ਚਰਨ ਕਮਲ ਸਿੰਘ ਡਾਇਰੈਕਟਰ ਇਸ਼ਮੀਤ ਇੰਸਟੀਚਿਊਟ, ਬਲਕਾਰ ਸਿੰਘ,ਮਨਿੰਦਰ ਸਿੰਘ ਗੋਗੀਆ ਸੰਚਾਲਕ ਓਜਸ ਕਰੀਏਸ਼ਨ , ਸ਼ੈਲੀ ਵਧਵਾ ਤੇ ਹੋਰ ਸਾਥੀਆਂ ਨੇ ਇਸ਼ਮੀਤ ਸਿੰਘ ਦੇ ਚਿਤਰ ਨੂੰ ਸ਼ਰਧਾ ਸੁਮਨ ਭੇਂਟ ਕੀਤੇ। ਸੁਆਗਤੀ ਸ਼ਬਦ ਬੋਲਦਿਆਂ ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਦੇ ਡਾਇਰੈਕਟਰ,ਡਾਃ ਚਰਨ ਕਮਲ ਸਿੰਘ ਨੇ ਕਿਹਾ ਕਿ ਪ੍ਰੋਃ ਗੁਰਭਜਨ ਸਿੰਘ ਗਿੱਲ ਸਿਰਫ਼ ਪ੍ਰਸਿੱਧ ਸ਼ਾਇਰ ਹੀ ਨਹੀ ਸਗੋਂ ਇਸ ਇੰਸਟੀਚਿਊਟ ਦੇ ਪ੍ਰਬੰਧਕੀ ਬੋਰਡ ਮੈਂਬਰ ਵੀ ਹਨ। ਉਨ੍ਹਾਂ ਕਿਹਾ ਕਿ ਪ੍ਰੋਃ ਗੁਰਭਜਨ ਸਿੰਘ ਗਿੱਲ ਦਾ ਸੱਜਰਾ ਗੀਤ ਸੰਗ੍ਰਹਿ ਪਿੱਪਲ ਪੱਤੀਆਂ  ਪੰਜਾਬੀਅਤ ਦੇ ਵੱਖ-ਵੱਖ ਵਲਵਲਿਆਂ ਨੂੰ ਪ੍ਰਗਟ  ਕਰਦਾ ਹੈ। ਉਨ੍ਹਾਂ ਕਿਹਾ ਕਿ ਪਿੱਪਲ ਪੱਤੀਆਂ ਦੇ ਗੀਤਾਂ ਦਾ ਸੁਰਮਈ ਗਾਇਨ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਸਿਖਿਆਰਥੀਆਂ ਦਿਵਾਂਸ਼ੂ, ਦਮਨ, ਸ਼ਾਲੂ ਅਤੇ ਰਾਸ਼ੀ ਤੋਂ ਇਲਾਵਾ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਅਧਿਆਪਕਾਂ ਨਾਜਿਮਾ ਬਾਲੀ, ਸਾਹਿਬਜੀਤ ਸਿੰਘ, ਕੰਵਰਜੀਤ ਸਿੰਘ, ਦੀਪਕ ਖੋਸਲਾ ਅਤੇ ਮਹਿਮਾਨ ਕਲਾਕਾਰ ਡਾਃ ਸ਼ਰਨਜੀਤ ਕੌਰ ਪਰਮਾਰ ਵੱਲੋਂ ਕੀਤਾ ਜਾਣਾ ਗਵਾਹੀ ਭਰਦਾ ਹੈ ਕਿ ਸ਼ਬਦ ਨੂੰ ਸੁਰ ਉਡੀਕਦੇ ਸਨ। ਪ੍ਰੋਗਰਾਮ ਦੇ ਆਰੰਭ ਵਿੱਚ ਗੁਰਭਜਨ ਗਿੱਲ ਦੇ ਲਿਖੇ ਅਤੇ ਸੰਜੀਦਾ ਲੋਕ ਗਾਇਕਾ ਗਗਨਦੀਪ ਚੀਮਾ ਵੱਲੋਂ ਗਾਏ ਗੀਤ ਦਰੀਆਂ ਤੇ ਪਾਵਾਂ ਘੁੱਗੀਆਂ ਮੋਰ ਵੇ ਪਰਦੇਸੀਆ ਦਾ ਪ੍ਰਸਾਰਨ ਕੀਤਾ ਗਿਆ। ਇਸ ਮੌਕੇ ਸੇਵਾਮੁਕਤ ਏ ਡੀ ਸੀ ਖੰਨਾ(ਲੁਧਿਆਣਾ) ਸਃ ਜਸਪਾਲ ਸਿੰਘ ਗਿੱਲ, ਪ੍ਰਭਦੀਪ ਸਿੰਘ ਨੱਥੋਵਾਲ ਡੀ ਪੀ ਆਰ ਓ ਮੋਗਾ ਤੇ ਮਲੇਰਕੋਟਲਾ,ਉੱਘੇ ਕਵੀ ਤ੍ਰੈਲੋਚਨ ਲੋਚੀ, ਡਾਃ ਅਮਰਜੀਤ ਕੌਰ ਪੀਏ ਯੂ, ਡਾਃ ਯਸ਼ ਪਾਲ ਸਚਦੇਵਾ ਪੀ ਏ ਯੂ,ਪ੍ਰਸਿੱਧ ਫੋਟੋ ਕਲਾਕਾਰ ਸਃ ਤੇਜ ਪਰਤਾਪ ਸਿੰਘ ਸੰਧੂ, ਡਾਃ ਮਾਨ ਸਿੰਘ ਤੂਰ, ਹਰਪਾਲ ਸਿੰਘ ਮਾਂਗਟ, ਸ਼ੈਲੀ ਵਧਵਾ,ਸੰਗੀਤਕਾਰ ਮੋਹਿਨੀ ਪਰਮਾਰ ਤੇ ਓਜਸ ਕਰੀਏਸ਼ਨ ਵੱਲੋਂ ਮਨਿੰਦਰ ਸਿੰਘ ਉਚੇਚੇ ਤੌਰ ਤੇ ਪੁੱਜੇ।
ਸ਼੍ਰੀਮਤੀ ਨਾਜਿਮਾ ਬਾਲੀ ਡੀਨ ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਨੇ ਮੰਚ ਸੰਚਾਲਨ ਕਰਦਿਆਂ  ਕਿਹਾ ਕਿ ਸਮਾਜ ਵਿਚ ਲਿਖਾਰੀ ਹੀ ਸਮਾਜ ਦੀ ਸਿਹਤਮੰਦ ਸੋਚ ਦੇ ਘਾੜੇ ਹੁੰਦੇ ਹਨ। ਕਲਾਤਮਕ ਬਾਰੀਕੀ ਦਾ ਅਹਿਸਾਸ ਜਗਾਉਣ ਤੇ ਸਮਾਜ ਨੂੰ ਹਰ ਮਹੱਤਵਪੂਰਨ ਪੱਖ ਤੋਂ ਖਬਰਦਾਰ ਕਰਨ ਲਈ ਇਹੋ ਜਹੇ ਸਮਾਗਮ ਅਸੀਂ ਇਸ ਸੰਸਥਾ ਵੱਲੋਂ ਲਗਾਤਾਰ ਕਰਦੇ ਰਹਾਂਗੇ। ਡਾਃ ਚਰਨ ਕਮਲ ਸਿੰਘ ਨੇ ਪ੍ਰਸੰਨਤਾ ਜ਼ਾਹਿਰ ਕੀਤੀ ਕਿ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਗਾਇਕਾਂ ਨੂੰ ਪ੍ਰੋਃ ਗੁਰਭਜਨ ਸਿੰਘ ਗਿੱਲ ਹੁਰਾਂ ਦੀ ਲੇਖਣੀ ਨੂੰ ਗਾਉਣ ਦਾ ਸੁਭਾਗ ਵਿਸ਼ਵ ਮਾਤ ਦਿਵਸ ਵਾਲੇ ਦਿਨ ਪ੍ਰਾਪਤ ਹੋਇਆ ਹੈ। ਇਸ ਨਾਲ ਸੰਗੀਤਕ ਖੇਤਰ ਵਲੋਂ ਸਮਾਜ ਦੀ ਸੁਚੱਜੀ ਘਾੜਤ ਲਈ ਲੋੜੀਂਦਾ ਯੋਗਦਾਨ ਪਾਇਆ ਜਾ ਸਕੇਗਾ। ਸ੍ਰ: ਗੁਰਭਜਨ ਸਿੰਘ ਗਿੱਲ ਨੇ ਬਾਦ ਵਿੱਚ ਗੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਟੱਪਿਆਂ, ਗੀਤਾਂ ਤੇ ਗ਼ਜ਼ਲਾਂ ਦਾ ਗਾਇਣ ਸੁਣ ਕੇ ਬਹੁਤ ਅਨੰਦਮਈ ਅਹਿਸਾਸ ਹੋਇਆ ਅਤੇ ਕੁਝ ਸਮਰੱਥ ਗਾਇਕਾਂ ਦੀ ਗਾਇਨ ਸ਼ੈਲੀ ਤੋਂ ਉਹ ਬੇਹੱਦ ਪ੍ਰਭਾਵਿਤ ਹੋਏ ਹਨ। ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸੰਗੀਤ ਖੇਤਰ ਨੂੰ ਵੀ ਸਮਾਜ ਦੀ ਘਾੜਤ ਵਿਚ ਅੱਗੇ ਵਧ ਕੇ ਹੋਰ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਸੰਵੇਦਨਾ ਦਾ ਬੀਜ ਬਚਿਆ ਰਹੇ।

About Author

Leave A Reply

WP2Social Auto Publish Powered By : XYZScripts.com