Saturday, May 10

ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਵੱਲੋਂ ਗਿਆਸਪੁਰਾ ‘ਚ ਕੂੜੇ ਦੇ ਡੰਪ ਦਾ ਕੀਤਾ ਦੌਰਾ

  • ਕੂੜਾ ਕਰਕਟ ਦੇ ਨਿਪਟਾਰੇ ਦੇ ਕੰਮ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਜਾਰੀ
  • ਸਟੈਟਿਕ ਕੰਪੈਕਟਰ ਚੱਲਣ ‘ਤੇ ਲੋਕਾਂ ਨੂੰ ਕੂੜੇ ਦੇ ਲੱਗੇ ਢੇਰਾਂ ਤੋਂ ਨਿਜਾਤ ਮਿਲੇਗੀ – ਡਾ ਪੂਨਮਪ੍ਰੀਤ ਕੌਰ
  • ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੀ ਸਨ ਮੌਕੇ ‘ਤੇ ਮੌਜੂਦ

ਲੁਧਿਆਣਾ, (ਸੰਜੇ ਮਿੰਕਾ) – ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਡਾ. ਪੂਨਮਪ੍ਰੀਤ ਕੌਰ ਵੱਲੋਂ ਸਥਾਨਕ ਗਿਆਸਪੁਰਾ ਵਿਖੇ ਕੂੜੇ ਦੇ ਡੰਪ ਦਾ ਦੌਰਾ ਕੀਤਾ ਗਿਆ। ਇਸ ਮੌਕੇ ਹਲਕਾ ਦੱਖਣੀ ਤੋਂ ਵਿਧਾਇਕ ਸ੍ਰੀਮਤੀ ਰਜਿੰਦਰਪਾਲ ਕੌਰ ਛੀਨਾ ਵੀ ਮੌਜੂਦ ਸਨ। ਜ਼ੋਨਲ ਕਮਿਸ਼ਨਰ ਜ਼ੋਨ ਸੀ ਡਾ. ਪੂਨਮਪ੍ਰੀਤ ਕੌਰ ਨੇ ਦੱਸਿਆ ਕਿ ਇੱਥੇ ਲੱਗਣ ਵਾਲੇ ਸਟੈਟਿਕ ਕੰਪੈਕਟਰ ਦਾ ਕੰਮ ਅਖੀਰਲੇ ਪੜਾਅ ‘ਤੇ ਹੈ। ਉਨ੍ਹਾ ਇਹ ਵੀ ਦੱਸਿਆ ਕਿ ਇੱਥੇ 3 ਸਟੈਟਿਕ ਕੰਪੈਕਟਰ ਲਗਾਏ ਜਾ ਰਹੇ ਹਨ ਅਤੇ ਜਦੋਂ ਇਹ ਕੰਪੈਕਟਰ ਪੂਰੀ ਤਰ੍ਹਾਂ ਕਾਰਜ਼ਸ਼ੀਲ ਹੋ ਜਾਣਗੇ ਤਾਂ ਰੋਜ਼ਾਨਾ ਆਉਂਦੇ ਕੂੜੇ ਦਾ ਨਿਪਟਾਰਾ ਮੌਕੇ ਤੇ ਕੀਤਾ ਜਾਵੇਗਾ। ਉਨ੍ਹਾਂ ਐਮ ਐਲ ਏ ਸਾਹਿਬਾ ਨੂੰ ਦੱਸਿਆ ਕਿ ਇਸ ਡੰਪ ‘ਤੇ ਪਹਿਲਾਂ ਤੋਂ ਲੱਗੇ ਕੂੜੇ ਦੇ ਢੇਰ (legacy waste) ਨੂੰ  ਚੁਕਵਾਇਆ ਜਾ ਰਿਹਾ ਹੈ ਅਤੇ ਇਸ ਦੇ ਜਲਦ ਨਿਪਟਾਰੇ ਲਈ ਕੰਮ ਵਿੱਚ ਤੇਜ਼ੀ ਲਿਆਉਣ ਲਈ ਨਗਰ ਨਿਗਮ ਦੀ ਸਿਹਤ ਸ਼ਾਖਾ ਵੱਲੋਂ ਉਪਰਾਲਾ ਕੀਤਾ ਗਿਆ ਹੈ । ਇਸ ਮੌਕੇ ਤੇ ਸਥਾਨਕ ਲੋਕਾਂ ਦੀਆਂ ਕੂੜਾ ਕਰਕਟ ਅਤੇ ਪ੍ਰਦੂਸ਼ਣ ਨਾਲ ਸਬੰਧਤ ਮੁਸ਼ਕਿਲਾਂ ਵੀ ਸ਼੍ਰੀਮਤੀ ਛੀਨਾ ਜੀ ਅਤੇ ਡਾ ਪੂਨਮ ਨੇ ਸੁਣੀਆਂ ਅਤੇ ਕਿਹਾ ਕਿ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਸਟੈਟਿਕ ਕੰਪੈਕਟਰ ਲਗਾਏ ਜਾ ਰਹੇ ਹਨ ਜਿਸ ਨਾਲ ਲੋਕਾਂ ਨੂੰ ਕੂੜੇ ਦੇ ਲੱਗੇ ਢੇਰਾਂ ਤੋਂ ਨਿਜਾਤ ਮਿਲੇਗੀ। ਡੰਪ ਦੇ ਦੌਰੇ ਦੌਰਾਨ ਜੋਨਲ ਕਮਿਸ਼ਨਰ ਦੇ ਧਿਆਨ ਵਿੱਚ ਆਇਆ ਕਿ ਕੁਝ ਥਾਵਾਂ ‘ਤੇ ਕੂੜੇ ਨੂੰ ਅੱਗ ਲੱਗੀ ਪਾਈ ਗਈ, ਜਿਸ ਸਬੰਧੀ ਉਨ੍ਹਾਂ ਸੀ.ਐਸ.ਆਈ. ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਨੂੰ ਅਗਾਹ ਕੀਤਾ ਜਾਵੇ ਕਿ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਅੱਗ ਲਗਾਉਣ ਵਾਲੇ ਸ਼ਰਾਰਤੀ ਅਨਸਰਾਂ ‘ਤੇ ਨਿਗ੍ਹਾ ਰੱਖੀ ਜਾਵੇ ਤਾਂ ਜੋ ਉਨ੍ਹਾਂ ਦੇ ਮੌਕੇ ‘ਤੇ ਹੀ ਚਾਲਾਨ ਕੀਤੇ ਜਾ ਸਕਣ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਦੋਸ਼ੀ ਵਿਅਕਤੀਆਂ ਦੀ ਗੁਪਤ ਢੰਗ ਨਾਲ ਵੀਡੀਓ ਬਣਾ ਕੇ ਨਿਗਮ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਅੱਗ ਲਗਾ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੇ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।

About Author

Leave A Reply

WP2Social Auto Publish Powered By : XYZScripts.com