Saturday, May 10

ਸ਼ਹਿਰ ਦੇ ਵਿਧਾਇਕਾਂ ਵੱਲੋਂ ਵੱਖ-ਵੱਖ ਮੁੱਦੇ ਚੁੱਕੇ ਗਏ

  • ਸੰਸਦ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਵੱਲੋਂ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਪ੍ਰੋਜੈਕਟ ਅਧੀਨ ਵੱਖ-ਵੱਖ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਲੁਧਿਆਣਾ, (ਸੰਜੇ ਮਿੰਕਾ)- ਲੁਧਿਆਣਾ ਤੋਂ ਸੰਸਦ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਵੱਲੋਂ ਅੱਜ ਸਥਾਨਕ ਦਫਤਰ ਨਗਰ ਨਿਗਮ, ਜੋਨ ਡੀ, ਸਰਾਭਾ ਨਗਰ ਵਿਖੇ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਪ੍ਰੋਜੈਕਟ ਤਹਤਿ ਵਿਕਾਸ ਦੇ ਕੰਮਾਂ ਦੀ ਸਮੀਖਿਆ ਕਰਨ ਲਈ ਇੱਕ ਰਿਵਿਊ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ। ਉਨ੍ਹਾਂ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਪ੍ਰੋਜੈਕਟ ਅਧੀਨ ਵੱਖ-ਵੱਖ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।ਇਸ ਮੀਟਿੰਗ ਵਿੱਚ ਹਲਕਾ ਲੁਧਿਆਣਾ (ਪੱਛਮੀ) ਤੋਂ ਵਿਧਾਇਕ ਸ਼੍ਰੀ ਗੁਰਪ੍ਰੀਤ ਬੱਸੀ ਗੋਗੀ, ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ, ਹਲਕਾ ਉੱਤਰੀ ਤੋਂ ਵਿਧਾਇਕ ਸ਼੍ਰੀ ਮਦਨ ਲਾਲ ਬੱਗਾ, ਨਗਰ ਨਿਗਮ ਕਮਿਸ਼ਨਰ ਸ਼੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਵਧੀਕ ਕਮਿਸ਼ਨਰ ਨਗਰ ਨਿਗਮ ਸ਼੍ਰੀ ਅਦਿੱਤਿਆ ਡਾਚਲਵਾਲ ਅਤੇ ਨਗਰ ਨਿਗਮ ਦੇ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਸਨ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੰਸਦ ਮੈਂਬਰ ਸ੍ਰ. ਬਿੱਟੂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਘੁਮਾਰ ਮੰਡੀ ਰੋਡ ਦਾ ਸੁੰਦਰੀਕਰਨ, ਸੇਫ ਸਿਟੀ ਅਧੀਨ ਵੱਖ-ਵੱਖ ਥਾਵਾਂ ਤੇ ਅਤੇ ਵਧੇਰੀ ਮਾਤਾਰਾ ਵਿੱਚ ਕੈਮਰੇ ਲਗਾਏ ਜਾਣ ਅਤੇ ਵੱਖ-ਵੱਖ ਖੇਡ ਬੁਨਿਆਦੀ ਢਾਂਚੇ ਦੀ ਮੁਰੰਮਤ ਅਤੇ ਕੂੜੇ ਕਰਕਟ ਦੇ ਕੰਪੈਕਟਰ ਲਗਾਉਣ ਤੋਂ ਇਲਾਵਾ ਹੋਰ ਪ੍ਰੋਜੈਕਟਾਂ ਵੱਲ ਵਿਸ਼ੇਸ਼ ਜ਼ੋਰ ਦੇਣ ਲਈ ਕਿਹਾ। ਇਸ ਮੌਕੇ ਵਿਧਾਇਕ ਸ਼੍ਰੀ ਗੁਰਪ੍ਰੀਤ ਬੱਸੀ ਗੋਗੀ ਨੇ ਮਲਹਾਰ ਰੋਡ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਸਮਾਰਟ ਸਿਟੀ ਪ੍ਰੋਜੈਕਟ ਰੋਡ ਤਹਿਤ ਇਸ ਰੋਡ ਨੂੰ ਹੋਰ ਚੌੜਾ ਕੀਤਾ ਜਾਵੇ ਅਤੇ ਰੋਡ ਨੂੰ ਦੋਨਾਂ ਸਾਈਡਾਂ ਤੋਂ ਹੋਰ ਖੋਲ੍ਹਿਆ ਜਾਵੇ ਤਾਂ ਜੋ ਉੱਥੇ ਟ੍ਰੈਫਿਕ ਦੀ ਸਮੱਸਿਆ ਤੋਂ ਨਿਜ਼ਾਤ ਪਾਈ ਜਾ ਸਕੇ ਅਤੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਆਉਣ-ਜਾਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਿਹੜੇ ਵੀ ਲੁਧਿਆਣਾ ਸਮਾਰਟ ਸਿਟੀ ਤਹਿਤ ਸਮਾਰਟ ਸਕੂਲ ਬਣਾਏ ਹਨ ਉਨ੍ਹਾਂ ਦੀ ਲਿਸਟ ਅਤੇ ਉਸ ‘ਤੇ ਕਿੰਨਾ ਖਰਚ ਕੀਤਾ ਗਿਆ ਡਿਟੇਲ ਮੁਹੱਈਆ ਕਰਵਾਈ ਜਾਵੇ। ਇਸ ਮੌਕੇ ਹਲਕਾ ਉੱਤਰੀ ਤੋਂ ਵਿਧਾਇਕ ਸ਼੍ਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਬੁੱਢੇ ਨਾਲੇ ਦੇ ਪਾਣੀ ਦੀ ਨਿਕਾਸੀ ਲਈ ਠੋਸ ਪ੍ਰਬੰਧ ਕੀਤੇ ਜਾਣ ਤਾਂ ਜੋ ਪਾਣੀ ਦਾ ਵਹਾਅ ਠੀਕ ਹੋਵੇ ਅਤੇ ਬੁੱਢੇ ਨਾਲੇ ਦੇ ਅੰਦਰ ਜਮ੍ਹਾਂ ਹੋਈ ਗੰਦਗੀ ਦੀ ਸਫਾਈ ਕਰਵਾਈ ਜਾਵੇ ਅਤੇ ਬੁੱਢੇ ਨਾਲੇ ਦੇ ਨਾਲ-ਨਾਲ ਸਫਾਈ ਅਤੇ ਬੂਟੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਦੇ ਪਾਣੀ ਦੀ ਠੀਕ ਨਿਕਾਸੀ ਕਰਨਾ ਇੱਕ ਵੱਡਾ ਕੰਮ ਹੈ ਜੇਕਰ ਬੁੱਢਾ ਨਾਲਾ ਠੀਕ ਹੋ ਜਾਂਦਾ ਹੈ ਤਾਂ ਆਸ-ਪਾਸ ਦੇ ਲੋਕਾਂ ਦੀ ਹਾਲਤ ਸੁਧਰ ਸਕਦੀ ਹੈ ਅਤੇ ਸ਼ਹਿਰ ਦੀ ਸਫਾਈ ਹੋ ਸਕਦੀ ਹੈ। ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਵੀ ਆਪਣੇ ਹਲਕੇ ਨਾਲ ਸਬੰਧਤ ਕਈ ਮੁੱਦੇ ਚੁੱਕੇ ਅਤੇ ਕਿਹਾ ਕਿ ਹਲਕਾ ਆਤਮ ਨਗਰ ਸਮੱਸਿਆਵਾਂ ਨਾਲ ਘਿਰਿਆ ਹੋਇਆ ਹਲਕਾ ਹੈ ਜਿੱਥੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ, ਥਾਈਂ-ਥਾਈਂ ਲੱਗੇ ਕੂੜੇ ਦੇ ਅੰਬਾਰ ਸਾਫ ਹਵਾ ਨੂੰ ਦੂਸ਼ਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਪ੍ਰੋਜੈਕਟ ਤਹਿਤ ਪਹਿਲਾਂ ਕੂੜੇ ਦੇ ਕੰਪੈਕਟਰ ਲਗਾਉਣ ਅਤੇ ਲੋਕਾਂ ਨੂੰ ਸਾਫ-ਸੁਥਰੀ ਹਵਾ ਹਵਾ ਦੇਣ ਅਤੇ ਸੜਕਾਂ ਦੀ ਮੁਰੰਮਤ ‘ਤੇ ਟ੍ਰੈਫਿਕ ਨੂੰ ਸੁਧਾਰਨ ‘ਤੇ ਜ਼ੋਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੁ਼ੱਧ ‘ਤੇ ਸਾਫ ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣਾ ਉਨ੍ਹਾਂ ਦਾ ਮੁੱਖ ਟੀਚਾ ਹੈ। ਇਸ ਸਬੰਧੀ ਸੰਸਦ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਅਤੇ ਨਗਰ ਨਿਗਮ ਕਮਿਸ਼ਨਰ ਸ਼੍ਰੀ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਸਾਰੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਨਿੱਜੀ ਤੌਰ ‘ਤੇ ਲੁਧਿਆਣਾ ਸਮਾਰਟ ਸਿਟੀ ਅਧੀਨ ਆਉਂਦੇ ਸਾਰੇ ਪ੍ਰੋਜੈਕਟਾਂ ਦੀ ਪ੍ਰਗਤੀ ‘ਤੇ ਨਜ਼ਰ ਰੱਖਣਗੇ ਅਤੇ ਉਨ੍ਹਾਂ ਕਿਹਾ ਜੇਕਰ ਇਸ ਪ੍ਰੋਜੈਕਟਸ ਨੂੰ ਲੈ ਕੇ ਕਿਸੇ ਵੀ ਅਧਿਕਾਰੀ ਵੱਲੋਂ ਅਣਗਹਿਲੀ ਜਾਂ ਖਾਮੀ ਪਾਈ ਗਈ ਤਾਂ ਸਬੰਧਤ ਅਧਿਕਾਰੀ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਸਟਾਫ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਅਤੇ ਕਿਹਾ ਕਿ ਵਿਭਾਗਾਂ ਦੇ ਖਾਸ ਕਰਕੇ ਨਗਰ ਨਿਗਮ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਨੂੰ ਆਪਣੇ ਕੰਮ ਵਿੱਚ ਤੇਜੀ ਲਿਆਉਣ ਅਤੇ ਆਪਣੇ ਦਫਤਰਾਂ ਵਿੱਚ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ ਹੈ।

About Author

Leave A Reply

WP2Social Auto Publish Powered By : XYZScripts.com