Friday, May 9

ਪੰਜਾਇਤ ਵਿਭਾਗ ਵੱਲੋਂ ਜ਼ਿਲ੍ਹੇ ‘ਚ ਕਰੀਬ 22 ਏਕੜ ਜ਼ਮੀਨ ਕਰਵਾਈ ਨਜਾਇਜ਼ ਕਬਜ਼ੇ ਤੋਂ ਮੁਕਤ

ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਦੀ ਯੋਗ ਅਗਵਾਈ ਹੇਠ ਗ੍ਰਾਮ ਪੰਚਾਇਤਾਂ ਦੀਆਂ ਸ਼ਾਮਲਾਤ ਜ਼ਮੀਨਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਉਣ ਅਤੇ ਸੂਬਾ ਵਾਸੀਆਂ ਨੂੰ ਸ਼ੁੱਧ ਵਾਤਾਵਰਣ ਯੁਕਤ ਆਲਾ ਦੁਆਲਾ ਮੁਹੱਈਆ ਕਰਾਉਣ ਦੇ ਮੰਤਵ ਨਾਲ ਸ਼ੁਰੂ ਕੀਤੇ ਗਏ ਉਪਰਾਲਿਆਂ ਨੂੰ ਉਸ ਵੇਲੇ ਭਾਰੀ ਸਫ਼ਲਤਾ ਮਿਲੀ ਜਦੋਂ ਪੰਚਾਇਤ ਵਿਭਾਗ ਵੱਲੋਂ ਬਲਾਕ ਲੁਧਿਆਣਾ-1 ਤੇ ਮਾਛੀਵਾੜਾ ਸਾਹਿਬ ਅਧੀਨ ਪੰਚਾਇਤਾਂ ਦੀ ਕਰੀਬ 22 ਏਕੜ ਜ਼ਮੀਨ ਕਬਜ਼ਾ ਮੁਕਤ ਕਰਵਾਈ ਗਈ। ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਜ਼ਿਲ੍ਹਾ ਵਿਕਾਸ ਪੰਚਾਇਤ ਅਫਸਰ (ਡੀ.ਡੀ.ਪੀ.ਓ.) ਸ੍ਰੀ ਸੰਜੀਵ ਕੁਮਾਰ ਵੱਲੋਂ ਦੱਸਿਆ ਗਿਆ ਕਿ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡਾਂ ਵਿੱਚ ਸ਼ਾਮਲਾਤ ਜ਼ਮੀਨਾਂ ‘ਤੇ ਹੋਏ ਨਾਜਾਇਜ਼ ਕਬਜ਼ੇ ਛੁਡਾਉਣ ਦੀ ਵਿੱਢੀ ਗਈ ਮੁਹਿੰਮ ਤਹਿਤ ਕਰੀਬ 22 ਏਕੜ 5 ਕਨਾਲ 24 ਮਰਲੇ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ ਗਿਆ ਹੈ। ਬਲਾਕ ਵਿਕਾਸ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਸ. ਮਲਕੀਤ ਸਿੰਘ ਨੇ ਦੱਸਿਆ ਕਿ ਬਲਾਕ ਲੁਧਿਆਣਾ-1 ਅਧੀਨ ਗ੍ਰਾਮ ਪੰਚਾਇਤ ਬੱਗਾ ਖੁਰਦ ਦੀ 10 ਏਕੜ ਅਤੇ ਬੁਰਜ਼ ਲਾਬੜਾਂ ਦੀ 2 ਏਕੜ 4 ਕਨਾਲ ਸ਼ਾਮਲਾਤ ਜ਼ਮੀਨ ਕਬਜ਼ਾ ਮੁਕਤ ਕਰਵਾਈ ਗਈ ਹੈ। ਇਸ ਤੋਂ ਇਲਾਵਾ ਬਲਾਕ ਵਿਕਾਸ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਸ. ਅਮਰਦੀਪ ਸਿੰਘ ਨੇ ਦੱਸਿਆ ਕਿ ਬਲਾਕ ਮਾਛੀਵਾੜਾ ਅਧੀਨ ਗ੍ਰਾਮ ਪੰਚਾਇਤ ਹਿਆਤਪੁਰ ਦੀ 2 ਏਕੜ 5 ਮਰਲੇ ਅਤੇ ਸੈਂਸੋਵਾਲ ਕਲਾਂ ਦੀ 8 ਏਕੜ 1 ਕਨਾਲ 19 ਮਰਲੇ ਜ਼ਮੀਨ ਛੁਡਵਾ ਕੇ ਵਿਭਾਗ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਲਈ ਗਈ ਹੈ। ਜ਼ਿਲ੍ਹਾ ਵਿਕਾਸ ਪੰਚਾਇਤ ਅਫਸਰ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਬਲਾਕਾਂ ਅਧੀਨ ਪੈਂਦੇ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਤੋਂ ਨਾਜਾਇਜ ਕਬਜ਼ੇ ਛੁਡਾਉਣ ਦੀ ਪ੍ਰਕਿਰਿਆ ਵੀ ਜਲਦ ਆਰੰਭ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਨੂੰ ਭੌ-ਮਾਫੀਆ, ਰੇਤ ਮਾਫੀਆ, ਮਾਈਨਿੰਗ ਮਾਫੀਆ, ਟ੍ਰਾਂਸਪੋਰਟ ਮਾਫੀਆ ਤੋਂ ਨਿਜ਼ਾਤ ਦਿਵਾਉਣ ਲਈ ਵਚਨਬੱਧ ਹੈ।

About Author

Leave A Reply

WP2Social Auto Publish Powered By : XYZScripts.com