Friday, May 9

ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ, ਔਰਤਾਂ ਲਈ 1 ਹਜ਼ਾਰ ਰੁਪਏ ਪੈਨਸ਼ਨ ਦੇ ਫਾਰਮ ਭਰਨ ਦੇ ਮਾਮਲੇ ‘ਚ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਣ

  • ਕਿਹਾ! ਕੁਝ ਸਵਾਰਥੀ ਲੋਕ ਆਪਣੇ ਨਿੱਜੀ ਸਥਾਂਨਾਂ ‘ਤੇ ਜਾਅਲੀ ਕੈਂਪ ਲਗਾ ਕੇ ਇਲਾਕਾ ਵਾਸੀਆਂ ਦੀਆਂ ਭਾਵਨਾਵਾਂ ਨਾਲ ਕਰ ਰਹੇ ਖਿਲਵਾੜ
  • ਅੱਜ ਜਾਅਲੀ ਕੈਂਪ ਦਾ ਮਾਮਲਾ ਧਿਆਨ ‘ਚ ਆਉਣ ‘ਤੇ ਪੁਲਿਸ ਸ਼ਿਕਾਇਤ ਵੀ ਦਰਜ ਕਰਵਾਈ
  • ਵਸਨੀਕ ਨੂੰ ਸੁਚੇਤ ਕਰਦਿਆਂ ਕਿਹਾ, ਸਰਕਾਰੀ ਕੈਂਪ ਚੁਣੇ ਹੋਏ ਵਿਧਾਇਕਾਂ ਦੀ ਹਾਜ਼ਰੀ ‘ਚ ਜਨਤਕ ਥਾਵਾਂ ‘ਤੇ ਹੀ ਲਗਾਏ ਜਾਣਗੇ – ਵਿਧਾਇਕ ਛੀਨਾ

ਲੁਧਿਆਣਾ, (ਸੰਜੇ ਮਿੰਕਾ)- ਹਲਕਾ ਲੁਧਿਆਣਾ (ਦੱਖਣੀ) ਤੋਂ ਵਿਧਾਇਕ ਸ੍ਰੀਮਤੀ ਰਜਿੰਦਰਪਾਲ ਕੌਰ ਛੀਨਾ ਵੱਲੋਂ ਅੱਜ ਜ਼ਿਲ੍ਹਾ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਔਰਤਾਂ ਲਈ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਈ ਫਾਰਮ ਭਰਨ ਦੇ ਚੱਲ ਰਹੇ ਘੁਟਾਲੇ ਦਾ ਸ਼ਿਕਾਰ ਨਾ ਹੋਣ, ਜਿਸਦਾ ਐਲਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤਾ ਗਿਆ ਹੈ। ਅੱਜ ਜਾਰੀ ਆਪਣੇ ਪ੍ਰੈਸ ਬਿਆਨ ਵਿੱਚ ਵਿਧਾਇਕ ਸ੍ਰੀਮਤੀ ਛੀਨਾ ਨੇ ਕਿਹਾ ਕਿ ਕੁਝ ਸਵਾਰਥੀ ਹਿੱਤਾਂ ਵਾਲੇ ਲੋਕ ਆਪਣੇ ਨਿੱਜੀ ਦਫ਼ਤਰਾਂ ਵਿੱਚ ਜਾਅਲੀ ਕੈਂਪ ਲਗਾ ਕੇ ਇਲਾਕਾ ਨਿਵਾਸੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਵਿੱਚ ਕੁਝ ਬੈਂਕ ਅਧਿਕਾਰੀ ਵੀ ਸ਼ਾਮਲ ਹੁੰਦੇ ਹਨ, ਜੋ ਕਿ ਸਰਾਸਰ ਗੈਰ-ਕਾਨੂੰਨੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਲੁਧਿਆਣਾ (ਦੱਖਣੀ) ਹਲਕੇ ਦੇ ਮੇਨ ਸਤਿਗੁਰੂ ਨਗਰ ਖੇਤਰ ਦੀ ਜੀਤੋ ਮਾਰਕੀਟ ਵਿੱਚ ਇੱਕ ਨਿੱਜੀ ਦਫਤਰ ਵਿੱਚ ਲਗਾਏ ਜਾ ਰਹੇ ਅਜਿਹੇ ਇੱਕ ‘ਕੈਂਪ’ ਬਾਰੇ ਪਤਾ ਲੱਗਿਆ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੇ ਇਹ ਦਾਅਵਾ ਕਰਕੇ ਔਰਤਾਂ ਨੂੰ ਗੁੰਮਰਾਹ ਕੀਤਾ ਹੈ ਕਿ ਅੱਜ ਉਨ੍ਹਾਂ ਦੇ ਦਫ਼ਤਰ ਵਿੱਚ ਫਾਰਮ ਭਰਨ ਵਾਲੇ ਹੀ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇ ਹੱਕਦਾਰ ਹੋਣਗੇ। ਉਨ੍ਹਾਂ ਕਿਹਾ ਕਿ ‘ਇਹ ਪ੍ਰਬੰਧਕਾਂ ਦੀ ਤਰਫੋਂ ਪੂਰੀ ਤਰ੍ਹਾਂ ਗਲਤ ਅਤੇ ਗੈਰ-ਕਾਨੂੰਨੀ ਕੰਮ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਮੈਨੂੰ ਪਹਿਲਾਂ ਵੀ ਅਜਿਹੀਆਂ ਸ਼ਿਕਾਇਤਾਂ ਮਿਲਦੀਆਂ ਰਹੀਆਂ ਹਨ’। ਉਨ੍ਹਾਂ ਅੱਗੇ ਕਿਹਾ ਕਿ ਅੱਜ ਜਦੋਂ ਇਸ ਗੈਰ-ਕਾਨੂੰਨੀ ‘ਕੈਂਪ’ ਸਬੰਧੀ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਇਸ ਜਾਅਲੀ ਕੈਂਪ ਸਬੰਧੀ ਉਨ੍ਹਾਂ ਪੁਲਿਸ ਕੋਲ ਸ਼ਿਕਾਇਤ ਵੀ ਦਰਜ਼ ਕਰਵਾਈ। ਵਿਧਾਇਕ ਛੀਨਾ ਤੁਰੰਤ ਮੌਕੇ ‘ਤੇ ਪੁੱਜੇ ਅਤੇ ਉਥੇ ਮੌਜੂਦ ਲੋਕਾਂ ਨੂੰ ਇਸ ਗੈਰ ਕਾਨੂੰਨੀ ਕੈਂਪ ਬਾਰੇ ਚਾਨਣਾ ਪਾਇਆ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸਬੰਧੀ ਸਰਕਾਰੀ ਕੈਂਪ ਸਿਰਫ਼ ਚੁਣੇ ਹੋਏ ਵਿਧਾਇਕਾਂ ਦੀ ਹਾਜ਼ਰੀ ਵਿੱਚ ਜਨਤਕ ਥਾਵਾਂ ‘ਤੇ ਹੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਵੀ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਹ ਸਕੀਮ ਸ਼ੁਰੂ ਕਰੇਗੀ ਤਾਂ ਸਾਰੇ ਯੋਗ ਲਾਭਪਾਤਰੀਆਂ ਨੂੰ ਇਹ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਮੌਕੇ ਜਗਦੇਵ ਧੁੰਨਾ, ਜਤਿੰਦਰ ਸ਼ਿੰਦਾ, ਹਰਵਿੰਦਰ ਪਨੇਸਰ, ਇੰਦਰਜੀਤ ਵਰਮਾ, ਰਿਪਨ ਗਰਚਾ, ਮੁਨੀਸ਼ ਟਿੰਕੂ, ਬਲਜੀਤ ਸਿੰਘ, ਗੌਰਵ ਸਿੰਘ, ਵਿਨੋਦ, ਸਿਮਰਨਜੀਤ ਸਿੰਘ, ਗੁਰਵਿੰਦਰ ਸਿੰਘ, ਰੋਹਿਤ, ਸਚਿਨ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com