- ਸਬੰਧਤ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼, ਆਗਾਮੀ ਬਰਸਾਤੀ ਮੌਸਮ ਤੋਂ ਪਹਿਲਾਂ ਕੱਢਿਆ ਜਾਵੇ ਢੁੱਕਵਾਂ ਹੱਲ
ਲੁਧਿਆਣਾ (ਸੰਜੇ ਮਿੰਕਾ) – ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ (ਭੋਲਾ) ਵੱਲੋਂ ਅੱਜ ਹਲਕਾ ਪੂਰਬੀ ਦੇ ਵਾਰਡ ਨੰਬਰ 6, 7 ਤੇ 10 ਦੇ ਵਸਨੀਕਾਂ ਨਾਲ ਸੀਵਰੇਜ਼ ਸਮੱਸਿਆ ਸਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਵਿਧਾਇਕ ਭੋਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਪਰੋਕਤ ਵਾਰਡਾਂ ਦੇ ਵਸਨੀਕਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਸਬੰਧੀ ਮਾਰਕੀਟ ਐਸੋਸੀਏਸ਼ਨ ਵੱਲੋਂ ਉਨ੍ਹਾ ਨੂੰ ਇਸ ਦੇ ਤੁਰੰਤ ਹੱਲ ਲਈ ਮੰਗ ਪੱਤਰ ਵੀ ਸੌਂਪਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਸਾਤੀ ਮੌਸਮ ਦੌਰਾਨ ਤਾਂ ਹਾਲਾਤ ਬੇਹੱਦ ਮਾੜੇ ਹੋ ਜਾਂਦੇ ਹਨ ਅਤੇ ਬਦਬੂ ਫੈਲਣ ਕਾਰਨ ਲੋਕ ਨਰਕ ਭਰਿਆ ਜੀਵਨ ਬਤੀਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਵਸਨੀਕਾਂ ਨਾਲ ਅਤੇ ਸਬੰਧਤ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦਾ ਮੁੱਖ ਮੰਤਵ ਇਹ ਰਿਹਾ ਕਿ ਵਸਨੀਕਾਂ ਵੱਲੋਂ ਆਪਣੀ ਪ੍ਰੇਸ਼ਾਨੀਆਂ ਤੋਂ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਗਿਆ ਅਤੇ ਅਧਿਕਾਰੀਆਂ ਵੱਲੋਂ ਵੀ ਜਲਦ ਇਸ ਦਾ ਢੁੱਕਵਾਂ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ। ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ (ਭੋਲਾ) ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਆਗਾਮੀ ਬਰਸਾਤੀ ਮੌਸਮ ਤੌਂ ਪਹਿਲਾਂ-ਪਹਿਲਾਂ ਇਸ ਨਰਕ ਭਰੇ ਹਾਲਾਤਾਂ ਤੋਂ ਇਲਾਕਾ ਨਿਵਾਸੀਆਂ ਨੂੰ ਨਿਜਾਤ ਦਿਵਾਈ ਜਾਵੇ। ਉੁਨ੍ਹਾਂ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹਿਰਵਾਸੀਆਂ ਨੂੰ ਹਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਮਾਰੀਕਟ ਐਸੋਸੀਏਸ਼ਨ ਦੇ ਪ੍ਰਧਾਨ ਬੰਟੀ, ਤਰਸੇਮ ਭਿੰਡਰ, ਧਰਮਿੰਦਰ ਫੌਜੀ, ਇੰਦਰਜੀਤ ਕੌਰ, ਗੱਗੀ ਸ਼ਰਮਾ, ਅਸ਼ਵਨੀ ਕੁਮਾਰ, ਰਣਜੀਤ ਸੈਣੀ, ਧਰਮਿੰਦਰ ਬੱਸੀ ਤੇ ਇਲਾਕਾ ਨਿਵਾਸੀ ਵੀ ਮੌਜੂਦ ਸਨ।