Saturday, May 10

ਪੰਜਾਬ ਦੇ ਪੇਂਡੂ ਵਿਕਾਸ ਲਈ ਫ਼ਸਲਾਂ ਅਧੀਨ ਰਕਬਾ ਕੱਢ ਕੇ ਬਾਗਬਾਨੀ ਤੇ ਪਸ਼ੂ ਪਾਲਣ ਅਧੀਨ ਲਿਆਉ – ਚਰਨਜੀਤ ਸਿੰਘ ਬਾਠ

ਲੁਧਿਆਣਾ,(ਸੰਜੇ ਮਿੰਕਾ)- ਪਿਛਲੇ 65 ਸਾਲ ਤੋਂ ਕੈਲੇਫੋਰਨੀਆ(ਅਮਰੀਕਾ )ਵੱਸਦੇ ਅਗਾਂਹਵਧੂ ਕਿਸਾਨ ਤੇ ਸੌਗੀ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਪੰਜਾਬ ਹਿਤੈਸ਼ੀ ਵਿਚਾਰਵਾਨ ਸਃ ਚਰਨਜੀਤ ਸਿੰਘ ਬਾਠ ਨੇ ਲੁਧਿਆਣਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੇਵਾਮੁਕਤ ਅਧਿਆਪਕਾਂ,ਨਿਕਟਵਰਤੀ ਦੋਸਤਾਂ ਤੇ ਪੰਜਾਬ ਲਈ ਚਿੰਤਾਤੁਰ ਬੁੱਧੀਜੀਵੀਆਂ ਨਾਲ ਗੱਲ ਬਾਤ ਕਰਦਿਆਂ ਕਿਹਾ ਹੈ ਕਿ ਪੰਜਾਬ ਨੂੰ ਆਪਣੀ ਖੇਤੀਬਾੜੀ ਤੇ ਪੇਂਡੂ ਵਿਕਾਸ ਨੂੰ ਪੱਕੇ ਪੈਰੀਂ ਕਰਨ ਲਈ ਬਾਗਬਾਨੀ ਅਤੇ ਪਸ਼ੂਪਾਲਣ ਅਧੀਨ ਰਕਬਾ ਲਿਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਕਣਕ ਝੋਨਾ ਫ਼ਸਲ ਚੱਕਰ ਪੰਜਾਬ ਦੇ ਕੁਦਰਤੀ ਸੋਮਿਆਂ ਦਾ ਘਾਣ ਕਰ ਰਹੇ ਹਨ। ਧਰਤੀ ਹੇਠਲਾ ਸਿੰਜਾਈ ਯੋਗ ਪਾਣੀ ਘਟ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ ਜਦ ਪੰਜਾਬ ਦੇ ਵਸਨੀਕ ਪੀਣ ਵਾਲੇ ਪਾਣੀ ਨੂੰ ਵੀ ਤਰਸਣਗੇ। ਸਃ ਚਰਨਜੀਤ ਸਿੰਘ ਬਾਠ ਨੇ ਪੰਜਾਬ ਦੇ ਮੁੱਖ ਮੰਤਰੀ ਸਃ ਭਗਵੰਤ ਸਿੰਘ ਮਾਨ ਨੂੰ ਵੀ ਸੁਝਾਅ ਦਿੱਤਾ ਹੈ ਕਿ ਅਮਰੀਕਾ ਵੱਸਦੇ ਖੇਤੀਬਾੜੀ ਮਾਹਿਰਾਂ ਡਾਃ ਗੁਰਦੇਵ ਸਿੰਘ ਖ਼ੁਸ਼, ਡਾਃ ਮ ਸ ਬਾਜਵਾ,ਡਾਃ ਪਰਮ ਰੰਧਾਵਾ, ਡਾਃ ਲਖਵਿੰਦਰ ਸਿੰਘ ਰੰਧਾਵਾ ਤੇ ਡਾਃ ਅਮਰਜੀਤ ਸਿੰਘ ਬਸਰਾ ਤੇ ਇਸ ਪੱਧਰ ਦੇ ਵੱਡੇ ਖੇਤੀਬਾੜੀ ਵਿਗਿਆਨੀਆਂ ਤੋਂ ਵੀ ਸਲਾਹ ਮਸ਼ਵਰਾ ਲਿਆ ਜਾਵੇ ਤਾਂ ਜੋ ਪੰਜਾਬ ਦੀ ਖੇਤੀਬਾੜੀ ਦੇ ਰੌਸ਼ਨ ਭਵਿੱਖ ਦੀ ਰੂਪ ਰੇਖਾ ਉਲੀਕੀ ਜਾ ਸਕੇ।
ਸਃ ਬਾਠ ਨੇ ਕਿਹਾ ਕਿ ਪੰਜਾਬੀ ਮੂਲ ਦੇ ਸਿਰਕੱਢ ਵਿਗਿਆਨੀਆਂ ਤੇ ਕਿਸਾਨਾਂ ਦਾ ਸੁਮੇਲ ਕਰਕੇ ਇਸ ਜਿੱਲ੍ਹਣ ਵਿੱਚੋਂ ਹੁਣ ਵੀ ਨਿਕਲਿਆ ਜਾ ਸਕਦਾ ਹੈ। ਫ਼ਲਾਂ ਸਬਜ਼ੀਆਂ ਦੀ ਪ੍ਰੋਸੈਸਿੰਗ, ਦਾਲਾਂ ਤੇ ਤੇਲ ਬੀਜਾਂ ਦੀ ਕਾਸ਼ਤ, ਮੰਡੀਕਰਨ ਤੇ ਯੋਗ ਮੁੱਲ ਦੇ ਕੇ ਵੀ ਨਿੱਕੀ ਕਿਸਾਨੀ ਨੂੰ ਏਧਰ ਤੋਰਿਆ ਜਾ ਸਕਦਾ ਹੈ। ਸਃ ਬਾਠ ਨੇ ਆਪਣੇ ਪਰਿਵਾਰਕ ਮਿੱਤਰ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਪ੍ਰੋਃ ਗੁਰਭਜਨ ਸਿੰਘ ਗਿੱਲ ਨਾਲ ਉਪਰੋਕਤ ਵਿਚਾਰ ਕਰਦਿਆਂ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਇਸ ਨੁਕਤੇ ਤੇ ਸੋਚਣ ਲਈ ਪ੍ਰੇਰਿਆ ਜਾਵੇ।
ਸਃ ਚਰਨਜੀਤ ਸਿੰਘ ਬਾਠ ਨੂੰ ਪੰਜਾਬ ਫੇਰੀ ਦੌਰਾਨ ਕੌਮੀ ਪ੍ਰਸਿੱਧੀ ਪ੍ਰਾਪਤ ਫੋਟੋ ਕਲਾਕਾਰ ਤੇ ਪੰਜਾਬ ਇਨਫੋਟੈੱਕ ਦੇ ਚੇਅਰਮੈਨ ਸਃ ਹਰਪ੍ਰੀਤ ਸਿੰਘ ਸੰਧੂ ਆਪਣੀ ਕੌਫੀ ਟੇਬਲ ਬੁੱਕ ਸਾਡਾ ਸੋਹਣਾ ਪੰਜਾਬ ਭੇਂਟ ਕਰਦੇ ਹੋਏ।
ਸਃ ਬਾਠ ਇਸ ਫੇਰੀ ਦੌਰਾਨ ਮੁੱਖ ਮੰਤਰੀ ਪੰਜਾਬ ਸਃ ਭਗਵੰਤ ਸਿੰਘ ਮਾਨ ਨੂੰ ਵੀ ਆਪਣੀ ਜੀਵਨ ਸਾਥਣ ਸਮੇਤ ਮਿਲੇ ਤੇ ਪੰਜਾਬ ਦੇ ਖੇਤੀ ਤੇ ਬਾਗਬਾਨੀ ਵਿਕਾਸ ਲਈ ਨੁਕਤੇ ਸਾਂਝੇ ਕੀਤੇ। ਉਹ ਪਾਕਿਸਤਾਨ ਚ ਆਪਣੇ ਜੱਦੀ ਪਿੰਡ ਸੱਜਾਦ ਵਿਖੇ ਆਪਣੀ ਜਨਮ ਭੂਮੀ ਨੂੰ ਵੀ ਸਤਿਕਾਰ ਭੇਂਟ ਕਰਨ ਗਏ।

About Author

Leave A Reply

WP2Social Auto Publish Powered By : XYZScripts.com