- ਮੌਜੂਦਾ ਸਮੇਂ ਦੀਆਂ ਲੋੜਾਂ ਨਾਲ ਨਜਿੱਠਣ ਲਈ 703 ਐਮ.ਐਲ.ਡੀ. ਬੇਹੁੱਦ ਨਿਗੁਣੀ, ਸਰਕਾਰ ਤੋਂ ਫੰਡ ਲੈ ਕੇ ਵਧਾਈ ਜਾਵੇਗੀ ਸਮਰੱਥਾ – ਵਿਧਾਇਕ ਗੋਗੀ
- ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਵਿਸਥਾਰਤ ਪ੍ਰਸਤਾਵ ਤਿਆਰ ਕਰਨ ਦੇ ਵੀ ਦਿੱਤੇ ਨਿਰਦੇਸ਼
- ਅੱਜ ਨਗਰ ਨਿਗਮ ਦੇ ਜੋਨ-ਡੀ ਵਿਖੇ ਅਧਿਕਾਰੀਆਂ ਨਾਲ ਵੱਖ-ਵੱਖ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਮੀਟਿੰਗ
ਲੁਧਿਆਣਾ,(ਸੰਜੇ ਮਿੰਕਾ) – ਹਲਕਾ ਲੁਧਿਆਣਾ (ਪੱਛਮੀ) ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਸੀਵਰੇਜ ਟਰੀਟਮੈਂਟ ਪਲਾਂਟਾਂ (ਐਸ.ਟੀ.ਪੀ.) ਦੀ ਸਮਰੱਥਾ ਨੂੰ ਵਧਾ ਕੇ 1200 ਐਮ.ਐਲ.ਡੀ. ਤੱਕ ਕੀਤਾ ਜਾਵੇਗਾ ਕਿਉਂਕਿ ਮੌਜੂਦਾ ਸਮੇਂ ਦੀਆਂ ਲੋੜਾਂ ਨਾਲ ਨਜਿੱਠਣ ਲਈ 703 ਐਮ.ਐਲ.ਡੀ. ਦੀ ਮੌਜੂਦਾ ਸਮਰੱਥਾ ਬੇਹੱਦ ਘੱਟ ਹੈ। ਉਨ੍ਹਾਂ ਕਿਹਾ ਕਿ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸਮਰੱਥਾ ਵਿੱਚ ਵਾਧਾ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਵਿਸਥਾਰਤ ਪ੍ਰਸਤਾਵ ਤਿਆਰ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਤੋਂ ਬਾਅਦ ਉਹ ਫੰਡ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਕੋਲ ਇਹ ਮੁੱਦਾ ਚੁੱਕਣਗੇ। ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਇਹ ਗੱਲ ਅੱਜ ਸਥਾਨਕ ਸਰਾਭਾ ਨਗਰ ਸਥਿਤ ਨਗਰ ਨਿਗਮ ਦੇ }ੋਨ-ਡੀ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਕਹੀ। ਇਸ ਮੀਟਿੰਗ ਵਿੱਚ ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਜ਼ੋਨਲ ਕਮਿਸ਼ਨਰ ਸ੍ਰੀ ਜਸਦੇਵ ਸਿੰਘ ਸੇਖੋਂ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਵਿਧਾਇਕ ਸ੍ਰੀ ਗੋਗੀ ਨੇ ਕਿਹਾ ਕਿ ਸਾਰੇ ਐਸ.ਟੀ.ਪੀਜ਼ (ਜਿਨ੍ਹਾਂ ਵਿੱਚ ਉਸਾਰੀ ਅਧੀਨ ਵੀ ਹਨ) ਦੀ ਮੌਜੂਦਾ ਸਮਰੱਥਾ 703 ਐਮ.ਐਲ.ਡੀ. (ਮਿਲੀਅਨ ਲੀਟਰ ਪ੍ਰਤੀ ਦਿਨ) ਹੈ। ਉਨ੍ਹਾਂ ਕਿਹਾ ਕਿ ਇੱਕ ਮੋਟੇ ਜਿਹੇ ਅੰਦਾਜ਼ੇ ਅਨੁਸਾਰ ਇੱਕ ਵਿਅਕਤੀ ਰੋਜ਼ਾਨਾ 150-165 ਲੀਟਰ ਪਾਣੀ ਦੀ ਵਰਤੋਂ ਕਰਦਾ ਹੈ ਅਤੇ ਜ਼ਿਲ੍ਹਾ ਲੁਧਿਆਣਾ ਦੀ ਆਬਾਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਮੌਜੂਦਾ 703 ਐਮ.ਐਲ.ਡੀ. ਦੀ ਸਮਰੱਥਾ ਸ਼ਹਿਰ ਦੀ ਮੌਜੂਦਾ ਆਬਾਦੀ ਲਈ ਨਾਕਾਫੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਮੁੱਦੇ ਵੱਲ ਧਿਆਨ ਨਹੀਂ ਦਿੱਤਾ ਕਿ ‘ਜੇਕਰ ਅਸੀਂ ਜਨਤਾ ਦੀ ਭਲਾਈ ਲਈ ਫੰਡ ਖਰਚਦੇ ਹਾਂ, ਤਾਂ ਇਸ ਨੂੰ ਇਸ ਤਰੀਕੇ ਨਾਲ ਖਰਚ ਕੀਤਾ ਜਾਵੇ ਕਿ ਘੱਟੋ-ਘੱਟ ਅਗਲੇ 15-20 ਸਾਲਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਿਆ ਜਾਵੇ। ਉਨ੍ਹਾਂ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਮੌਜੂਦਾ ਨਿਗਰਾਨ ਕਮੇਟੀ ਨੂੰ ਤੁਰੰਤ ਭੰਗ ਕਰਨ ਅਤੇ ਮਾਹਿਰਾਂ ਦੀ ਇੱਕ ਨਵੀਂ ਕਮੇਟੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ।
ਉਨ੍ਹਾਂ ਸਿੱਧਵਾਂ ਵਾਟਰ ਫਰੰਟ ਪ੍ਰਾਜੈਕਟ ਵਿੱਚ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਢਾਹੇ ਜਾਣ ਦਾ ਮਾਮਲਾ ਵੀ ਉਠਾਇਆ। ਉਨ੍ਹਾਂ ਨਗਰ ਨਿਗਮ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਅਧਿਕਾਰੀਆਂ ਦੀ ਜ਼ਿੰਮੇਵਾਰੀ ਨਿਸ਼ਚਿਤ ਕੀਤੀ ਜਾਵੇ। ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਸ੍ਰੀ ਆਦਿਤਿਆ ਡਚਲਵਾਲ ਪਹਿਲਾਂ ਹੀ ਇਸ ਸਬੰਧ ਵਿੱਚ ਜਾਂਚ ਕਰ ਰਹੇ ਹਨ ਅਤੇ ਜਲਦ ਹੀ ਆਪਣੀ ਰਿਪੋਰਟ ਪੇਸ਼ ਕਰਨਗੇ। ਅੱਜ ਦੀ ਮੀਟਿੰਗ ਦੌਰਾਨ ਵਿਚਾਰੇ ਗਏ ਵੱਖ-ਵੱਖ ਮੁੱਦਿਆਂ ਵਿੱਚ ਹੰਬੜਾਂ ਰੋਡ ‘ਤੇ ਕੁੱਤਿਆਂ ਦਾ ਹੋਸਟਲ ਬਣਾਉਣਾ, ਸੜ੍ਹਕਾਂ ਤੋਂ ਆਵਾਰਾ ਪਸ਼ੂਆਂ ਦਾ ਪ੍ਰਬੰਧਨ, ਬੁੱਢੇ ਨਾਲੇ ਦੇ ਨਾਲ-ਨਾਲ ਸਫ਼ਾਈ ਮੁਹਿੰਮ, ਸਿਟੀ ਬੱਸ ਸੇਵਾ, ਨਗਰ ਨਿਗਮ ਦੇ ਸਾਰੇ 4 ਜ਼ੋਨਲ ਦਫ਼ਤਰਾਂ ਵਿੱਚ ਕੰਟੀਨ ਖੋਲ੍ਹਣ, ਵੈਂਡਿੰਗ ਜ਼ੋਨ ਆਦਿ ਸ਼ਾਮਲ ਸਨ।