- ਪ੍ਰਸ਼ਾਸ਼ਨ ਸ਼ਹਿਰ ਵਾਸੀਆਂ ਨੂੰ ਬੇਹਤਰ ਪ੍ਰਸ਼ਾਸ਼ਕੀ ਸਹੂਲਤਾਂ ਦੇਣ ਲਈ ਵਚਨਬੱਧ
ਲੁਧਿਆਣਾ, (ਸੰਜੇ ਮਿੰਕਾ) – ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਸਨੀਕਾਂ ਲਈ ਕਿਸੇ ਵੀ ਸਰਕਾਰੀ ਸੇਵਾ ਨੂੰ ਪ੍ਰਾਪਤ ਕਰਨ ਸਮੇਂ ਪਛਾਣ ਦੇ ਸਬੂਤ, ਜਨਮ ਦੇ ਸਬੂਤ ਅਤੇ ਰਿਹਾਇਸ਼ ਦੇ ਸਬੂਤ ਵਜੋਂ ਵੱਖ-ਵੱਖ ਦਸਤਾਵੇਜ਼ਾਂ ਨੂੰ ਨੋਟੀਫਾਈ ਕੀਤਾ ਹੈ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਪੰਚਾਲ ਨੇ ਵੱਖ-ਵੱਖ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਟੀਚਾ ਵਸਨੀਕਾਂ ਨੂੰ ਸੁਚਾਰੂ ਪ੍ਰਸ਼ਾਸ਼ਕੀ ਸੇਵਾਵਾਂ ਦੇਣਾ ਹੈ ਜਿਸਦੇ ਤਹਿਤ ਨੋਟੀਫਾਈ ਕੀਤੇ ਗਏ ਦਸਤਾਵੇਜ਼ਾਂ ਤੋਂ ਇਲਾਵਾ ਕਿਸੇ ਹੋਰ ਦਸਤਾਵੇਜ਼ ਦੀ ਮੰਗ ਨਾ ਕੀਤੀ ਜਾਵੇ। ਸ੍ਰੀ ਪੰਚਾਲ ਨੇ ਦੱਸਿਆ ਕਿ ਨੋਟੀਫਿਕੇਸ਼ਨ ਤਹਿਤ ਪਛਾਣ ਦੇ ਸਬੂਤ ਵਜੋਂ ਪਾਸਪੋਰਟ, ਭਾਰਤ ਦੇ ਚੋਣ ਕਮਿਸ਼ਨ ਦੁਆਰਾ ਜਾਰੀ ਵੋਟਰ ਆਈ.ਡੀ. ਕਾਰਡ, ਮੌਜੂਦਾ ਮਿਤੀ ਦਾ ਆਧਾਰ ਕਾਰਡ/ਈ-ਆਧਾਰ ਪੱਤਰ, ਕੇਂਦਰ ਸਰਕਾਰ ਜਾਂ ਰਾਜ ਸਰਕਾਰ ਜਾਂ ਜਨਤਕ ਖੇਤਰ ਦੇ ਅਦਾਰੇ ਦੁਆਰਾ ਜਾਰੀ ਕੀਤਾ ਗਿਆ ਆਈ.ਡੀ. ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਕਿਸਾਨ ਫੋਟੋ ਪਾਸਬੁੱਕ/ਡਾਕ ਘਰ ਸੇਵਿੰਗ ਅਕਾਉਂਟ ਪਾਸਬੁੱਕ, ਕੇਂਦਰੀ ਸਰਕਾਰ ਸਿਹਤ ਯੋਜਨਾ ਕਾਰਡ, ਸਾਬਕਾ ਸੈਨਿਕ ਯੋਗਦਾਨੀ ਸਿਹਤ ਯੋਜਨਾ, ਪੈਨਸ਼ਨਰ ਕਾਰਡ, ਮਾਨਤਾ ਪ੍ਰਾਪਤ ਸੰਸਥਾ ਦੁਆਰਾ ਜਾਰੀ ਵੈਧ ਵਿਦਿਆਰਥੀ ਆਈ.ਡੀ. ਕਾਰਡ, ਮਨਰੇਗਾ ਜੌਬ ਕਾਰਡ ਵਰਤਿਆ ਕੀਤਾ ਜਾ ਸਕਦਾ ਹੈ। ਉਨ੍ਹਾ ਕਿਹਾ ਕਿ ਰਿਹਾਇਸ਼ ਦੇ ਸਬੂਤ ਵਜੋਂ ਪਾਸਪੋਰਟ, ਭਾਰਤ ਦੇ ਚੋਣ ਕਮਿਸ਼ਨ ਦੁਆਰਾ ਜਾਰੀ ਵੋਟਰ ਆਈ.ਡੀ. ਕਾਰਡ, ਮੌਜੂਦਾ ਮਿਤੀ ਦਾ ਆਧਾਰ ਕਾਰਡ/ਈ-ਆਧਾਰ ਪੱਤਰ, ਕੇਂਦਰ ਸਰਕਾਰ ਜਾਂ ਰਾਜ ਸਰਕਾਰ ਜਾਂ ਜਨਤਕ ਖੇਤਰ ਦੇ ਅਦਾਰੇ ਦੁਆਰਾ ਜਾਰੀ ਪਤੇ ਦਾ ਸਰਟੀਫਿਕੇਟ, ਤਾਜ਼ਾ ਟੈਲੀਫੋਨ ਬਿੱਲ (ਭਾਰਤ ਸੰਚਾਰ ਨਿਗਮ ਲਿਮਟਿਡ ਦਾ ਲੈਂਡਲਾਈਨ ਜਾਂ ਪੋਸਟ ਪੇਡ ਮੋਬਾਈਲ ਬਿੱਲ) ਬਿਜਲੀ/ਪਾਣੀ ਦਾ ਬਿੱਲ/ਬਿਨੈਕਾਰ ਦੇ ਨਾਮ ਗੈਸ ਕੁਨੈਕਸ਼ਨ ਬਿੱਲ, ਰਜਿਸਟਰਡ ਰੈਂਟ ਡੀਡ (ਇੱਕ ਸਾਲ ਤੋਂ ਵੱਧ ਸਮੇਂ ਲਈ), ਇਨਕਮ ਟੈਕਸ ਮੁਲਾਂਕਣ ਆਰਡਰ, ਚੱਲ ਰਹੇ ਬੈਂਕ ਖਾਤੇ ਦੀ ਫੋਟੋ ਪਾਸਬੁੱਕ (ਅਨੁਸੂਚਿਤ ਜਨਤਕ ਖੇਤਰ ਦੇ ਬੈਂਕ, ਅਨੁਸੂਚਿਤ ਨਿੱਜੀ ਖੇਤਰ ਭਾਰਤੀ ਬੈਂਕ ਅਤੇ ਖੇਤਰੀ ਗ੍ਰਾਮੀਣ ਬੈਂਕ ਸ਼ਾਮਲ ਹਨ) ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜਨਮ ਮਿਤੀ ਦੇ ਸਬੂਤ ਵਜੋਂ, ਰਜਿਸਟਰਾਰ ਦੁਆਰਾ ਜਨਮ ਅਤੇ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਲਈ ਅਧਿਕਾਰਤ ਕਿਸੇ ਵੀ ਦਫ਼ਤਰ ਦੁਆਰਾ ਜਾਰੀ ਕੀਤਾ ਗਿਆ ਜਨਮ ਸਰਟੀਫਿਕੇਟ, ਬਿਨੈਕਾਰ ਦੀ ਜਨਮ ਮਿਤੀ ਵਾਲੇ ਮਾਨਤਾ ਪ੍ਰਾਪਤ ਵਿਦਿਅਕ ਬੋਰਡ/ਸੰਸਥਾ ਦੁਆਰਾ ਜਾਰੀ ਮੈਟ੍ਰਿਕ/ਮਾਈਗ੍ਰੇਸ਼ਨ/ਸਕੂਲ ਛੱਡਣ ਦਾ ਸਰਟੀਫਿਕੇਟ, ਪੈਨ ਕਾਰਡ, ਪਾਸਪੋਰਟ, ਬਿਨੈਕਾਰ ਦੇ ਸੇਵਾ ਰਿਕਾਰਡ (ਸਿਰਫ਼ ਸਰਕਾਰੀ ਕਰਮਚਾਰੀਆਂ ਦੇ ਸਬੰਧ ਵਿੱਚ) ਜਾਂ ਪੀ.ਪੀ.ਓ. (ਪੇਅ ਪੈਨਸ਼ਨ ਆਰਡਰ) (ਸੇਵਾਮੁਕਤ ਸਰਕਾਰੀ ਕਰਮਚਾਰੀਆਂ ਦੇ ਸਬੰਧ ਵਿੱਚ) ਦੀ ਇੱਕ ਕਾਪੀ ਸਬੰਧਤ ਵਿਭਾਗ ਦੇ ਅਧਿਕਾਰੀ/ਇੰਚਾਰਜ ਦੁਆਰਾ ਉਸਦੀ ਜਨਮ ਮਿਤੀ ਤਸਦੀਕ ਕੀਤੀ ਹੋਵੇ, ਡਰਾਈਵਿੰਗ ਲਾਇਸੈਂਸ, ਭਾਰਤੀ ਚੋਣ ਕਮਿਸ਼ਨ ਦੁਆਰਾ ਜਾਰੀ ਵੋਟਰ ਆਈ.ਡੀ. ਕਾਰਡ, ਆਧਾਰ ਕਾਰਡ/ਮੌਜੂਦਾ ਮਿਤੀ ਦਾ ਈ-ਆਧਾਰ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਨੇ ਮੁੜ ਸਪੱਸ਼ਟ ਕੀਤਾ ਕਿ ਬਿਨੈਕਾਰ ਪਾਸੋਂ ਉਪਰੋਕਤ ਨੋਟੀਫਾਈ ਦਸਤਾਵੇਜ਼ਾਂ ਤੋਂ ਇਲਾਵਾ ਕਿਸੇ ਵੀ ਹੋਰ ਦਸਤਾਵੇਜ਼ ਦੀ ਮੰਗ ਨਾ ਕੀਤੀ ਜਾਵੇ। ਉਨ੍ਹਾ ਕਿਹਾ ਬਿਨ੍ਹਾਂ ਵਜ੍ਹਾ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਸਬੰਧੀ ਜੇਕਰ ਉਨ੍ਹਾਂ ਦੇ ਧਿਆਨ ਵਿੱਚ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਸਬੰਧਤ ਅਧਿਕਾਰੀ/ਕਰਮਚਾਰੀ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।