Saturday, May 10

ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਦਿੱਤੇ ਜਾਂਦੇ ਪ੍ਰੋਃ ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਲਈ ਇਨਾਮੀ ਰਾਸ਼ੀ ਵਧਾਉਣ ਲਈ ਇੱਕ ਲੱਖ ਰੁਪਏ ਹੋਰ ਭੇਂਟ

ਲੁਧਿਆਣਾਃ (ਸੰਜੇ ਮਿੰਕਾ) – ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਪਿਛਲੇ ਕਈ ਸਾਲਾਂ ਤੋਂ  ਦਿੱਤੇ ਜਾਂਦੇ ਪ੍ਰੋਃ ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਦੀ ਇਨਾਮੀ ਰਾਸ਼ੀ ਅਗਲੇ ਸਾਲਾਂ ਤੋਂ ਵਧਾਉਣ ਲਈ ਪ੍ਰਿੰਸੀਪਲ( ਡਾਃ) ਰਮੇਸ਼ ਇੰਦਰ ਕੌਰ ਬੱਲ ਨੇ ਅਕਾਡਮੀ ਨੂੰ ਇੱਕ ਲੱਖ ਰੁਪਿਆ ਇਸ ਪੁਰਸਕਾਰ ਲਈ ਜਮ੍ਹਾਂ ਪੂੰਜੀ ਵਧਾਉਣ ਹਿਤ ਦਾਨ ਦਿੱਤਾ ਹੈ। ਪ੍ਰੋਃ ਨਿਰਪਜੀਤ ਕੌਰ ਗਿੱਲ ਪੰਜਾਬੀ ਸਾਹਿੱਤ ਅਰਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਦੀ ਜੀਵਨ ਸਾਥਣ ਸਨ ਜਿੰਨ੍ਹਾਂ ਦੀ ਕੈਂਸਰ ਰੋਗ ਕਾਰਨ 8ਨਵੰਬਰ 1993 ਨੂੰ ਮੌਤ ਹੋ ਗਈ ਸੀ। ਉਹ ਰਾਮਗੜ੍ਹੀਆ ਗਰਲਜ਼ ਕਾਲਿਜ ਲੁਧਿਆਣਾ ਵਿੱਚ ਪੰਜਾਬੀ ਲੈਕਚਰਰ ਸਨ ਅਤੇ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਗੁਰਬਚਨ ਸਿੰਘ ਭੁੱਲਰ ਦੀ ਰਚਨਾਕਾਰੀ ਬਾਰੇ ਪਹਿਲੀ ਆਲੋਚਨਾ ਪੁਸਤਕ ਗੁਰਬਚਨ ਸਿੰਘ ਭੁੱਲਰ ਦੀ ਕਥਾ ਵਿਧੀ ਪੁਸਤਕ ਦੇ ਲੇਖਕ ਸਨ। ਆਪਣੀ ਪਿਆਰ ਪਾਤਰ ਪ੍ਰੋਃ ਨਿਰਪਜੀਤ ਕੌਰ ਗਿੱਲ ਦੀ ਯਾਦ ਵਿੱਚ  ਇੱਕ ਲੱਖ ਰੁਪਏ ਦੀ ਰਾਸ਼ੀ ਡਾਃ ਰਮੇਸ਼ ਇੰਦਰ ਕੌਰ ਬੱਲ ਨੇ  ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ ਤੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੂੰ ਪ੍ਰੋਃ ਗੁਰਭਜਨ ਗਿੱਲ ਦੀ ਹਾਜ਼ਰੀ ਵਿੱਚ ਸੌਂਪੀ। ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ ਨੇ ਡਾਃ ਬੱਲ ਪਰਿਵਾਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ  ਪਹਿਲਾਂ ਜਮ੍ਹਾਂ ਢਾਈ ਲੱਖ ਰੁਪਏ ਵਿੱਚ ਇਹ ਇੱਕ ਲੱਖ ਵੀ ਮਿਆਦੀ ਜਮਘਾਂ ਪੂੰਜੀ ਵਿੱਚ ਸ਼ਾਮਿਲ ਕਰਾਂਗੇ ਅਤੇ ਮਿਲਣ ਵਾਲੇ ਵਿਆਜ ਨਾਲ ਅਗਲੇ ਸਾਲ ਤੋਂ ਇਨਾਮ ਰਾਸ਼ੀ ਵਿੱਚ ਵਾਧਾ ਕੀਤਾ ਜਾਵੇਗਾ।
ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਪ੍ਰੋਃ ਗੁਰਭਜਨ ਸਿੰਘ ਗਿੱਲ ਪਰਿਵਾਰ ਨੇ ਸਾਲ 2015 ਵਿੱਚ ਇਹ ਪੁਰਸਕਾਰ ਸਥਾਪਿਤ ਕੀਤਾ  ਸੀ ਜੋ ਯੂਨੀਵਰਸਿਟੀ ਅਤੇ ਕਾਲਿਜਾਂ ਦੇ ਉਨ੍ਹਾਂ ਸੇਵਾ ਮੁਕਤ ਅਧਿਆਪਕਾਂ ਨੂੰ ਦਿੱਤਾ ਜਾਂਦਾ ਹੈ ਜੋ ਕਲਾਸ ਰੂਮ ਅਧਿਆਪਨ ਦੇ ਨਾਲ ਨਾਲ ਸਾਹਿੱਤ ਸਿਰਜਣਾ ਜਾਂ ਸਭਿਆਚਾਰਕ ਸਰਗਰਮੀਆਂ ਰਾਹੀਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਮਹੱਤਵਪੂਰਨ ਹਿੱਸਾ ਪਾ ਚੁਕੇ ਹੋਣ। ਹੁਣ ਤੀਕ ਇਹ ਪੁਰਸਕਾਰ ਪ੍ਰੋਃ ਤੇਜ ਕੌਰ ਦਰਦੀ, ਡਾਃ ਜਸਬੀਰ ਕੌਰ ਕੇਸਰ ਤੇ ਡਾਃ ਰਮੇਸ਼ ਇੰਦਰ ਕੌਰ ਬੱਲ ਨੂੰ ਭੇਂਟ ਕੀਤਾ ਜਾ ਚੁਕਾ ਹੈ। ਕਰੋਨਾ ਕਹਿਰ ਕਾਰਨ ਪਿਛਲੇ ਤਿੰਨ ਸਾਲਾਂ ਦੇ ਪੁਰਸਕਾਰਾਂ ਦੀ ਚੋਣ ਵੀ ਡਾਃ ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ 11ਅਪ੍ਰੈਲ ਨੂੰ ਕਰ ਲਈ ਗਈ ਹੈ ਜਿਸ ਵਿੱਚ ਡਾਃ ਇਕਬਾਲ ਕੌਰ ਸੌਂਦ ਰੀਟਃ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਾਃ ਬਲਜੀਤ ਕੌਰ ਰੀਟਃ ਪ੍ਰੋਫੈਸਰ ਰੀਜਨਲ ਸੈਂਟਰ ਗੁਰੂ ਨਾਨਕ ਦੇਵ ਯੂਨੀਃ ਤੇ ਡਾਃ ਵਨੀਤਾ ਰੀਟਃ ਪ੍ਰੋਫੈਸਰ ਦਿੱਲੀ ਯੂਨੀਵਰਸਿਟੀ ਨੂੰ ਚੁਣਿਆ ਗਿਆ ਹੈ। ਚੋਣ ਕਮੇਟੀ ਵਿੱਚ ਡਾਃ ਲਖਵਿੰਦਰ ਸਿੰਘ ਜੌਹਲ, ਡਾਃ ਸ਼ਯਾਮ ਸੁੰਦਰ ਦੀਪਤੀ , ਡਾਃ ਸੁਰਜੀਤ ਪਾਤਰ, ਡਾਃ ਸੁਰਜੀਤ ਸਿੰਘ, ਪ੍ਰੋਃ ਰਵਿੰਦਰ ਸਿੰਘ ਭੱਠਲ, ਕਹਾਣੀਕਾਰ ਸੁਖਜੀਤ ਸ਼ਾਮਲ ਸਨ। ਦੋ ਆਮੰਤਰਿਤ ਮੈਂਬਰਾਂ ਡਾਃ ਸ ਪ ਸਿੰਘ ਤੇ ਡਾਃ ਰਮੇਸ਼ ਇੰਦਰ ਕੌਰ ਬੱਲ ਨੇ ਵੀ ਇਨ੍ਹਾਂ ਨਾਵਾਂ ਤੇ ਆਪਣੀ ਸੰਮਤੀ ਪ੍ਰਗਟਾਈ।
ਇਹ ਪੁਰਸਕਾਰ ਨੇੜ ਭਵਿੱਖ ਵਿੱਚ ਰਾਮਗੜ੍ਹੀਆ ਗਰਲਜ਼ ਕਾਲਿਜ ਦੇ ਬਾਬਾ ਗੁਰਮੁਖ ਸਿੰਘ ਹਾਲ ਵਿੱਚ ਪ੍ਰਦਾਨ ਕੀਤੇ ਜਾਣਗੇ।

About Author

Leave A Reply

WP2Social Auto Publish Powered By : XYZScripts.com