Friday, May 9

ਵਿਧਾਇਕ ਗਰੇਵਾਲ ਵੱਲੋਂ ਅੱਜ ਡਾਈਂਗ ਉਦਯੋਗ ਨਾਲ ਮੀਟਿੰਗ

  • ਵਿਧਾਇਕ ਗਰੇਵਾਲ ਵੱਲੋਂ ਅੱਜ ਡਾਈਂਗ ਉਦਯੋਗ ਨਾਲ ਮੀਟਿੰਗ
  • ਮੀਟਿੰਗ ਦੌਰਾਨ ਸਮੱਸਿਆਵਾਂ ਸੁਣੀਆਂ, ਹੱਲ ਕਰਨ ਦਾ ਵੀ ਦਿੱਤਾ ਭਰੋਸਾ
  • ਸੀ.ਈ.ਟੀ.ਪੀ. ਨਾਲ ਸਬੰਧਤ ਮੁੱਦਾ ਜਲਦ ਸਰਕਾਰ ਦੇ ਧਿਆਨ ‘ਚ ਲਿਆਵਾਂਗੇ – ਵਿਧਾਇਕ ਦਲਜੀਤ ਸਿੰਘ ਗਰੇਵਾਲ

ਲੁਧਿਆਣਾ, (ਸੰਜੇ ਮਿੰਕਾ)   – ਹਲਕਾ ਲੁਧਿਆਣਾ ਪੂਰਬੀ ਦੇ ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ ਵੱਲੋਂ ਅੱਜ ਇੱਕ ਸਥਾਨਕ ਹੋਟਲ ਵਿੱਚ ਡਾਈਂਗ ਉਦਯੋਗ ਨਾਲ ਸਬੰਧਤ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਉਨ੍ਹਾਂ ਵਿਧਾਇਕ ਗਰੇਵਾਲ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ। ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਉਦਯੋਗਪਤੀਆਂ ਵੱਲੋਂ ਲੁਧਿਆਣਾ ਪੂਰਬੀ ਦੇ ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ ਨੂੰ ਡਾਈਂਗ ਉਦਯੋਗ ਨਾਲ ਸਬੰਧਤ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂੰ ਕਰਵਾਉਂਦਿਆਂ ਕਿਹਾ ਉਨ੍ਹਾਂ ਦੇ ਇਲਾਕੇ ਵਿੱਚ ਪੁਲਿਸ ਵਿਭਾਗ ਦੇ ਪੀ.ਸੀ.ਆਰ. ਦਸਤੇ ਦੀ ਗਸ਼ਤ ਵਧਾਈ ਜਾਵੇ ਅਤੇ ਗਲੀਆਂ ਵਿੱਚ ਲਾਈਟਾਂ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਯੂਨਿਟਾਂ ਵਿੱਚ ਦਿਨ-ਰਾਤ ਦੀਆਂ ਸ਼ਿਫਟਾਂ ਵਿੱਚ ਕੰਮ ਚੱਲਦਾ ਹੈ ਅਤੇ ਅਕਸਰ ਰਾਤ ਦੀ ਡਿਊਟੀ ਵੇਲੇ ਘਰ ਪਰਤਦੇ ਉਨ੍ਹਾਂ ਦੇ ਪ੍ਰਵਾਸੀ ਕਾਮਿਆਂ ਨਾਲ ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਜਾਂਦੀਆਂ ਹਨ। ਉਨ੍ਹਾਂ ਵਿਧਾਇਕ ਗਰੇਵਾਲ ਨੂੰ ਜਾਣੂੰ ਕਰਵਾਇਆ ਕਿ ਉਦਯੋਗਿਕ ਇਕਾਈਆਂ ਦੇ ਗੰਦੇ ਪਾਣੀ ਦੇ ਸੁੱਧੀਕਰਨ ਲਈ ਵੱਖ-ਵੱਖ ਇਕਾਈਆਂ ਵੱਲੋਂ ਆਪਣੇ ਪੱਧਰ ‘ਤੇ ਵੀ ਸੀ.ਈ.ਟੀ.ਪੀ. ਸਥਾਪਤ ਕਰ ਲਏ ਗਏ ਹਨ ਜਿਸਦੇ ਤਹਿਤ ਉਨ੍ਹਾਂ ਦਾ ਵਿੱਤੀ ਬੋਝ ਘੱਟ ਕਰਨ ਲਈ ਸਬਸਿਡੀ ਦੀ ਮੰਗ ਕੀਤੀ। ਉਦਯੋਗਪਤੀਆਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਉਨ੍ਹਾਂ ਕੋਲ ਨਵਾਂ ਸੀ.ਈ.ਟੀ.ਪੀ. ਸਥਾਪਤ ਕਰਨ ਲਈ ਨਿਰਧਾਰਤ ਜਗ੍ਹਾ ਉਪਲੱਬਧ ਹੈ, ਜਿੱਥੇ ਸਰਕਾਰ ਵੱਲੋਂ  ਨਵਾਂ ਸੀ.ਈ.ਟੀ.ਪੀ. ਵੀ ਸਥਾਪਤ ਕੀਤਾ ਜਾ ਸਕਦਾ ਹੈ। ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ ਵੱਲੋਂ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਰਿਵਾਇਤੀ ਵਿਧਾਇਕਾਂ ਤੋਂ ਹੱਟਕੇ ਬਿਨ੍ਹਾਂ ਕਮੀਸ਼ਨ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਦੀ ਜਿਹੜੀਆਂ ਮੰਗਾਂ  ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਹਨ ਉਨ੍ਹਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ ਅਤੇ ਸੀ.ਈ.ਟੀ.ਪੀ. ਨਾਲ ਸਬੰਧਤ ਮੁੱਦਾ ਜਲਦ ਸੂਬਾ ਸਰਕਾਰ ਅੱਗੇ ਰੱਖਣਗੇ। ਵਿਧਾਇਕ ਨੇ ਅੱਗੇ ਕਿਹਾ ਕਿ ਸੀ.ਈ.ਟੀ.ਪੀ. ਦੀ ਸਥਾਪਨਾ ਮਨੁੱਖਤਾ, ਵਾਤਾਵਰਣ ਅਤੇ ਸਮਾਜ ਦੀ ਸਰਵੋਤਮ ਸੇਵਾ ਹੈ। ਉਨ੍ਹਾਂ ਕਿਹਾ ਇਹ ਸੀ.ਈ.ਟੀ.ਪੀ. ਸਮੇਂ ਦੀ ਲੋੜ ਹੈ ਕਿਉਂਕਿ ਵਿਅਕਤੀਗਤ ਛੋਟੇ ਪੱਧਰ ਦੇ ਉਦਯੋਗ ਹੁਨਰਮੰਦ ਮਨੁੱਖੀ ਸ਼ਕਤੀ ਦੀ ਘਾਟ ਕਾਰਨ ਆਪਣੇ ਈ.ਟੀ.ਪੀ. ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਚਲਾ ਸਕਦੇ. ਉਨ੍ਹਾਂ ਕਿਹਾ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਪੂਰਾ ਜ਼ੋਰ ਲਾਉਣਗੇ। ਉਨ੍ਹਾਂ ਉਦਯੋਗਪਤੀਆਂ ਨੂੰ ਆਪਣੇ ਹਲਕੇ ਦੇ ਖੇਤਰ ਵਿੱਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੀਤੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਇਸ ਮੌਕੇ ਅਨਿਲ ਸੇਠ, ਅਰਵਿੰਦ ਕਾਲੜਾ, ਕਮਲ ਚੌਹਾਨ, ਮਨਦੀਪ ਸਿੰਘ, ਕੁਲਵੰਤ ਢਿੱਲੋਂ, ਸੁਨੀਲ ਬਾਂਸਲ, ਗੁਰਚਰਨ ਸਿੰਘ, ਮਹਾਂਵੀਰ ਤਿਆਗੀ, ਨਮਿਤ ਜੈਨ, ਬਾਬੂ ਰਾਮ, ਅਵਤਾਰ ਸਿੰਘ, ਅਜੇ ਮਿੱਤਲ, ਰਮਨ ਕੁਮਾਰ, ਸੰਦੀਪ ਸਿੰਗਲਾ ਅਤੇ ਮੋਹਿਤ ਮਿੱਤਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। 

About Author

Leave A Reply

WP2Social Auto Publish Powered By : XYZScripts.com