Friday, May 9

ਵਿਧਾਇਕ ਗੋਗੀ ਵੱਲੋਂ ਅੱਜ ਸਿੱਧਵਾਂ ਕਨਾਲ ਵਾਟਰ ਫਰੰਟ ਦਾ ਦੌਰਾ

  • ਲਈਅਰ ਵੈਲੀ ‘ਚ ਪੀਲਾ ਪੰਜਾ ਚਲਾਏ ਜਾਣ ‘ਤੇ ਪ੍ਰਗਟਾਈ ਨਾਰਾਜ਼ਗੀ
  • ਸਬੰਧਤ ਅਧਿਕਾਰੀਆਂ ਤੋਂ ਮੰਗਿਆ ਸਪੱਸ਼ਟੀਕਰਣ, ਦੋਸ਼ੀ ਪਾਏ ਜਾਣ ‘ਤੇ ਕੀਤੀ ਜਾਵੇਗੀ ਸਖ਼ਤ ਕਾਰਵਾਈ

ਲੁਧਿਆਣਾ, (ਸੰਜੇ ਮਿੰਕਾ)   – ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਅੱਜ ਨਗਰ ਨਿਗਮ ਦੇ ਜੋਨ-ਡੀ ਦਫ਼ਤਰ ਨੇੜੇ ਸਿੱਧਵਾਂ ਕਨਾਲ ਵਾਟਰ ਫਰੰਟ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਲਈਅਰ ਵੈਲੀ ਵਿੱਚ ਬਿਨ੍ਹਾਂ ਕਿਸੇ ਅਗਾਉਂ ਜਾਣਕਾਰੀ ਦਿੱਤਿਆਂ ਪੀਲਾ ਪੰਜਾ ਚਲਾਏ ਜਾਣ ‘ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਜੰਗਲਾਤ ਵਿਭਾਗ, ਨਗਰ ਨਿਗਮ ਤੇ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਨਗਰ ਨਿਗਮ ਦੇ ਜੋਨ-ਡੀ ਦਫ਼ਤਰ ਨੇੜੇ ਸਿੱਧਵਾਂ ਕਨਾਲ ਵਾਟਰ ਫਰੰਟ ਦੇ ਨਾਲ ਲੱਗਦੀ ਲਈਅਰ ਵੈਲੀ, ਜਿੱਥੇ ਕਿ ਇਲਾਕਾ ਨਿਵਾਸੀਆਂ ਵਲੋਂ ਸਵੇਰੇ-ਸ਼ਾਮ ਸੈਰ ਕੀਤੀ ਜਾਂਦੀ ਹੈ, ਇਲਾਕਾ ਨਿਵਾਸੀਆਂ ਵੱਲੋਂ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਲਈਅਰ ਵੈਲੀ ਵਿੱਚ ਲੱਗੇ ਟ੍ਰੀ ਗਾਰਡ ਅਤੇ ਲੋਕਾਂ ਦੇ ਬੈਠਣ ਲਈ ਬਣਾਏ ਗਏ ਥੱੜ੍ਹੇ ਜੇ.ਸੀ.ਬੀ. ਦੀ ਸਹਾਇਤਾ ਨਾਲ ਤੋੜ ਦਿੱਤੇ ਗਏ ਹਨ। ਵਿਧਾਇਕ ਸ੍ਰੀ ਗੋਗੀ ਵੱਲੋਂ ਫੌਰੀ ਤੌਰ ‘ਤੇ ਕਾਰਵਾਈ ਕਰਦਿਆਂ ਜੰਗਲਾਤ ਵਿਭਾਗ, ਨਗਰ ਨਿਗਮ ਤੇ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਅਧਿਕਾਰੀਆਂ ਨੂੰ ਮੌਕੇ ‘ਤੇ ਬੁਲਾਇਆ ਗਿਆ ਅਤੇ ਉਨ੍ਹਾਂ ਕੋਲੋਂ ਇਸ ਸਬੰਧੀ ਸਪਸ਼ਟੀਕਰਣ ਮੰਗਿਆ। ਵਿਧਾਇਕ ਵੱਲੋਂ ਇਸ ਸਬੰਧੀ ਮਿਤੀ 13 ਅਪ੍ਰੈਲ ਦਿਨ ਬੁੱਧਵਾਰ ਨੂੰ ਮੀਟਿੰਗ ਵੀ ਰੱਖੀ ਗਈ ਜਿਸ ਵਿੱਚ ਉਪਰੋਕਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿੱਜੀ ਤੌਰ ‘ਤੇ ਮੀਟਿੰਗ ਵਿੱਚ ਹਾਜ਼ਰ ਰਹਿਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਸਪੱਸ਼ਟ ਕੀਤਾ ਜਿਹੜੇ ਵੀ ਵਿਭਾਗ ਵੱਲੋਂ ਇਸ ਕੰਮ ਵਿੱਚ ਕੋਤਾਹੀ ਵਰਤੀ ਗਈ ਹੈ ਉਨ੍ਹਾਂ ਦੇ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਇਸ ਉਸਾਰੀ ‘ਤੇ ਖਰਚਿਆ ਗਿਆ ਜਨਤਾ ਦਾ ਪੈਸਾ ਸਬੰਧਤ ਅਧਿਕਾਰੀਆਂ ਦੀਆਂ ਜੇਬਾਂ ਵਿੱਚੋਂ ਵਸੁਲਿਆ ਜਾਵੇਗਾ। ਉਨ੍ਹਾ ਕਿਹਾ ਕਿ ਇਸ ਅਣਗਹਿਲੀ ਦੀ ਜਾਂਚ ਬੰਦ ਕਮਰਿਆਂ ਦੀ ਬਜਾਏ ਆਮ ਲੋਕਾਂ ਦੇ ਸਾਹਮਣੇ ਹੋਵੇਗੀ ਅਤੇ ਭਰੋਸਾ ਜਤਾਇਆ ਕਿ ਜਨਤਕ ਫੰਡਾਂ ਦੇ ਇੱਕ-ਇੱਕ ਪੈਸੇ ਦੀ ਕਿਸੇ ਵੀ ਕੀਮਤ ‘ਤੇ ਦੁਰਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ। ਵਿਧਾਇਕ ਸ੍ਰੀ ਗੋਗੀ ਨੇ ਕਿਹਾ ਸੂਬੇ ਵਿੱਚ ਸ. ਭਗਵੰਤ ਸਿੰਘ ਮਾਨ ਦੀ ਅਗੁਵਾਈ ਵਾਲੀ ਸਰਕਾਰ ਆਮ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਜੰਗਲਾਤ ਵਿਭਾਗ, ਨਗਰ ਨਿਗਮ ਤੇ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਅਧਿਕਾਰੀਆਂ ਤੋਂ ਇਲਾਵਾ ਇਲਾਕਾ ਨਿਵਾਸੀ ਵੀ ਮੌਜੂਦ ਸਨ।

About Author

Leave A Reply

WP2Social Auto Publish Powered By : XYZScripts.com