- ਸਪੈਸ਼ਲ ਕੈਂਪਾਂ ‘ਚ 1251 ਸ਼ਿਕਾਇਤਾਂ ਦਾ ਕੀਤਾ ਮੌਕੇ ‘ਤੇ ਹੀ ਨਿਪਟਾਰਾ
- 29 ਥਾਣਿਆਂ ‘ਚ ਸ਼ਿਕਾਇਤਾਂ ਦੇ ਵੱਧ ਤੋਂ ਵੱਧ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ 15 ਏ.ਸੀ.ਪੀਜ਼ ਤਾਇਨਾਤ ਕੀਤੇ ਗਏ
- ਕਮਿਸ਼ਨਰ ਪੁਲਿਸ ਵੱਲੋਂ ਐਸ.ਐਚ.ਓਜ਼ ਤੇ ਹੋਰ ਅਧਿਕਾਰੀਆਂ ਨੂੰ ਘੱਟੋ-ਘੱਟ ਸੰਭਵ ਸਮੇਂ ਵਿੱਚ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਦਿੱਤੇ ਨਿਰਦੇਸ਼
ਲੁਧਿਆਣਾ, (ਸੰਜੇ ਮਿੰਕਾ) – ਇੱਕ ਨਵੀਂ ਪਹਿਲਕਦਮੀ ਕਰਦੇ ਹੋਏ, ਬਿਨ੍ਹਾਂ ਕਿਸੇ ਖੱਜਲ ਖੁਆਰੀ ਦੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਮੰਤਵ ਨਾਲ ਕਮਿਸ਼ਨਰੇਟ ਲੁਧਿਆਣਾ ਪੁਲਿਸ ਵੱਲੋਂ ਅੱਜ ਐਤਵਾਰ ਨੂੰ ਆਪਣੇ ਅਧਿਕਾਰ ਖੇਤਰ ਦੇ ਸਾਰੇ ਥਾਣਿਆਂ ਵਿੱਚ ਜਨਤਕ ਸ਼ਿਕਾਇਤਾਂ ਨਿਪਟਾਰਾ ਦਿਹਾੜਾ ਮਨਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਲੁਧਿਆਣਾ ਕਮਿਸ਼ਨਰੇਟ ਦੇ ਸਾਰੇ 29 ਥਾਣਿਆਂ ਵਿੱਚ ਵਿਸ਼ੇਸ਼ ਕੈਂਪ ਲਗਾਏ ਗਏ ਜਿੱਥੇ 1251 ਸ਼ਿਕਾਇਤਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ 29 ਥਾਣਿਆਂ ਨੂੰ 15 ਏ.ਸੀ.ਪੀਜ਼ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਨੂੰ ਨਿੱਜੀ ਤੌਰ ‘ਤੇ ਆਪਣੇ ਖੇਤਰਾਂ ਦਾ ਦੌਰਾ ਕਰਨ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਜਲਦ ਤੋਂ ਜਲਦ ਹੱਲ ਕਰਨ ਦਾ ਕੰਮ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦੇ ਕੰਮਕਾਜ ਦੀ ਨਿਗਰਾਨੀ ਲਈ ਪੰਜ ਏ.ਡੀ.ਸੀ.ਪੀਜ਼ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਏ.ਸੀ.ਪੀਜ/ਐਸ.ਐਚ.ਓਜ਼ ਨੂੰ ਲੋਕਾਂ ਵੱਲੋਂ ਉਠਾਈਆਂ ਗਈਆਂ ਵੱਖ-ਵੱਖ ਪ੍ਰੇਸ਼ਾਨੀਆਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ ਜਿਸ ਨਾਲ ਆਮ ਜਨਤਾ ਦਾ ਵਿਭਾਗ ਦੇ ਕੰਮਕਾਜ ‘ਤੇ ਭਰੋਸਾ ਵਧੇਗਾ। ਉਨ੍ਹਾਂ ਕਿਹਾ ਕਿ ਲੋਕਲ ਪੱਧਰ ‘ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਉਨ੍ਹਾਂ ਨੂੰ ਪਹਿਲ ਦੇਣ ਦੀ ਲੋੜ ਹੈ ਤਾਂ ਜੋ ਲੋਕ ਆਪਣੇ ਕੰਮਾਂ ਲਈ ਖੱਜਲ ਖੁਆਰ ਨਾ ਹੋਣ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਸਲਿਆਂ ਨੂੰ ਨਜਿੱਠਣ ਵਿੱਚ ਕਿਸੇ ਵੀ ਤਰ੍ਹਾਂ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਣਗਹਿਲੀ ਪਾਏ ਜਾਣ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸ. ਭੁੱਲਰ ਨੇ ਕਿਹਾ ਕਿ ਏ.ਸੀ.ਪੀਜ਼ ਅਤੇ ਐਸ.ਐਚ.ਓਜ਼ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਸ਼ਿਕਾਇਤਾਂ ‘ਤੇ ਸਮਾਂਬੱਧ ਕਾਰਵਾਈ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਆਪਣੇ ਪੱਧਰ ‘ਤੇ ਨਿਪਟਾਰਾ ਕਰਨ ਤਾਂ ਜੋ ਲੋਕਾਂ ਨੂੰ ਸਹੂਲਤ ਦਿੱਤੀ ਜਾ ਸਕੇ। ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਗੈਰ-ਜਿੰਮੇਵਾਰ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਮੁਹਿੰਮ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਕੈਂਪ ਲਗਾਏ ਜਾਣਗੇ ਜੋ ਕਿ ਲੋਕਾਂ ਦੀ ਸਹੂਲਤ ਲਈ ਲਾਹੇਵੰਦ ਸਿੱਧ ਹੋਣਗੇ।