Wednesday, March 12

ਡਿਪਟੀ ਕਮਿਸ਼ਨਰ ਵੱਲੋਂ ਸਾਰੇ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ, ਚੋਣ ਅਮਲੇ ਦੇ ਠਹਿਰਣ, ਖਾਣ-ਪੀਣ ਤੇ ਰਿਫਰੈਸ਼ਮੈਂਟ ਦੇ ਕੀਤੇ ਜਾਣ ਪੁਖ਼ਤਾ ਪ੍ਰਬੰਧ

  • ਸੁਚਾਰੂ ਚੋਣ ਪ੍ਰਕਿਰਿਆ ਲਈ ਜ਼ਿਲ੍ਹੇ ਦੇ 14 ਵਿਧਾਨ ਸਭਾ ਹਲਕਿਆਂ ‘ਚ 235 ਸੈਕਟਰ ਅਫ਼ਸਰ ਤਾਇਨਾਤ
  • ਸੈਕਟਰ ਅਫ਼ਸਰ ਮਤਦਾਨ ਤੋਂ ਪਹਿਲੇ ਦਿਨ ਅਤੇ ਮਤਦਾਨ ਵਾਲੇ ਦਿਨ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਰਨਗੇ ਕੰਮ
  • ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਰਿਟਰਨਿੰਗ ਅਫ਼ਸਰਾਂ ਦੇ ਹੋਏ ਰੂ-ਬਰੂ

ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸਾਰੇ 14 ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਕਿ ਚੋਣ ਡਿਊਟੀ ਲਈ ਤਾਇਨਾਤ ਚੋਣ ਅਮਲੇ ਦੇ ਠਹਿਰਣ, ਖਾਣ-ਪੀਣ ਅਤੇ ਰਿਫਰੈਸ਼ਮੈਂਟ ਦੇ ਵਧੀਆ ਪ੍ਰਬੰਧ ਕੀਤੇ ਜਾਣ। ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਾਰੇ 14 ਰਿਟਰਨਿੰਗ ਅਫ਼ਸਰਾਂ ਅਤੇ ਸੈਕਟਰ ਅਫਸਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਰੂ-ਬਰੂ ਹੋਏ ਅਤੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਚੋਣਾਂ ਵਾਲੇ ਦਿਨ ਡਿਊਟੀ ਲਈ ਤਾਇਨਾਤ ਚੋਣ ਅਮਲੇ ਲਈ ਸੁਖਾਵਾਂ ਮਾਹੌਲ ਬਣਾਇਆ ਜਾਵੇ ਤਾਂ ਜੋ ਉਹ ਆਪਣੀ ਡਿਊਟੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਅ ਸਕਣ। ਉਨ੍ਹਾਂ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਅਤੇ ਦਿਵਿਆਂਗ  ਵਿਅਕਤੀਆਂ ਨੂੰ ਆਵਾਜਾਈ ਦੀ ਢੁਕਵੀਂ ਸਹੂਲਤ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 235 ਸੈਕਟਰ ਅਫ਼ਸਰਾਂ ਨੂੰ ਮੈਜਿਸਟ੍ਰੇਟ ਸ਼ਕਤੀਆਂ ਦੇ ਕੇ ਪੋਲਿੰਗ ਵਾਲੇ ਦਿਨ (20 ਫਰਵਰੀ) ਅਤੇ ਪੋਲਿੰਗ ਤੋਂ ਇੱਕ ਦਿਨ ਪਹਿਲਾਂ ਪਲ-ਪਲ ਦੀਆਂ ਚੋਣ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖਣ ਲਈ ਨਿਯੁਕਤ ਕੀਤਾ ਗਿਆ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਪਾਰਦਰਸ਼ੀ ਅਤੇ ਨਿਰਵਿਘਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਸੈਕਟਰ ਅਫਸਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਕਟਰ ਅਫ਼ਸਰਾਂ ਕੋਲ ਆਪਣੇ ਬੂਥਾਂ ‘ਤੇ ਚੋਣ ਗਤੀਵਿਧੀਆਂ ਦਾ ਨਿਰੀਖਣ ਕਰਨ ਲਈ ਮੈਜਿਸਟ੍ਰੇਟ ਸ਼ਕਤੀਆਂ ਹੋਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਸੈਕਟਰ ਅਫਸਰਾਂ ਨੂੰ ਪੰਜਾਬ ਪੋਲ ਡੇਅ ਮਾਨੀਟਰਿੰਗ ਐਪ (ਪੀਪੀਡੀਐਮਏ) ਦੇ ਕੰਮ ਕਰਨ ਬਾਰੇ ਸਿਖਲਾਈ ਦਿੱਤੀ ਗਈ ਹੈ ਜੋ ਕਿ ਪੋਲਿੰਗ ਵਾਲੇ ਦਿਨ ਲਈ ਸੈਕਟਰ ਅਫਸਰਾਂ ਦੇ ਮੋਬਾਈਲ ਫੋਨਾਂ ਵਿੱਚ ਸਥਾਪਿਤ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਇਹ ਸੈਕਟਰ ਅਫ਼ਸਰ ਪੋਲਿੰਗ ਬੂਥਾਂ ‘ਤੇ ਪੋਲਿੰਗ ਪਾਰਟੀਆਂ ਦੇ ਰਵਾਨਾ ਹੋਣ ਅਤੇ ਪਹੁੰਚਣ, ਪੋਲਿੰਗ ਸਟੇਸ਼ਨ ਦੀ ਸਥਾਪਨਾ, ਮੌਕ ਪੋਲ ਸ਼ੁਰੂ ਹੋਣ, ਈ.ਵੀ.ਐਮ. ਅਤੇ ਵੀਵੀਪੈਟ ਕਲੀਅਰ ਹੋਣ, ਪੋਲਿੰਗ ਸੁ਼ਰੂ ਹੋਣ ਜਾਂ ਦੇਰੀ, ਰੁਕਣ ਅਤੇ ਮੁੜ ਸ਼ੁਰੂ ਹੋਣ ਅਤੇ ਹਰ ਦੋ ਘੰਟੇ ਬਾਅਦ ਪੋਲ ਹੋਣ ਵਾਲੀਆਂ ਵੋਟਾਂ ਦੀ ਗਿਣਤੀ, ਸ਼ਾਮ 6 ਵਜ਼ੇ ਤੋਂ ਬਾਅਦ ਕਤਾਰ ਵਿੱਚ ਖੜ੍ਹੇ ਵਿਅਕਤੀਆਂ ਦੀ ਗਿਣਤੀ, ਕੁਲੈਕਸ਼ਨ ਕੇਂਂਂਦਰਾਂ ‘ਤੇ ਪੋਲਿੰਗ ਪਾਰਟੀਆਂ ਦੇ ਪੁੱਜਣ ਅਤੇ ਈ.ਵੀ.ਐਮ. ਜਮ੍ਹਾਂ ਕਰਵਾਉਣ ਦੇ ਵੇਰਵੇ ਸਾਂਝੇ ਕਰਨਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪੋਲਿੰਗ ਪ੍ਰਕਿਰਿਆ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਹਰੇਕ ਪੋਲਿੰਗ ਬੂਥ ‘ਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਹਾ ਕਿ ਚੋਣਾਂ ਨੂੰ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

About Author

Leave A Reply

WP2Social Auto Publish Powered By : XYZScripts.com