Sunday, August 24

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰਾਂ/ਪੋਲਿੰਗ ਸਟਾਫ ਲਈ ਸਾਰੇ 2979 ਪੋਲਿੰਗ ਬੂਥਾਂ ‘ਤੇ ਮਾਸਕ, ਦਸਤਾਨੇ, ਥਰਮਲ ਸਕੈਨਰ ਤੇ ਹੱਥ ਧੋਣ ਲਈ ਸੈਨੀਟਾਈਜ਼ਰ ਦਾ ਕੀਤਾ ਜਾਵੇਗਾ ਪੁਖਤਾ ਪ੍ਰਬੰਧ

  • ਏ.ਐਨ.ਐਮਜ਼/ਆਸ਼ਾ ਤੇ ਆਂਗਣਵਾੜੀ ਵਰਕਰ, ਬੂਥ ਕੋਵਿਡ ਕੰਟਰੋਲ ਨੋਡਲ ਅਫ਼ਸਰ ਵਜੋਂ ਸੇਵਾਵਾਂ ਦੇਣਗੇ

ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੁਧਿਆਣਾ ਦੇ ਸਾਰੇ 2979 ਪੋਲਿੰਗ ਬੂਥਾਂ ‘ਤੇ ਮਾਸਕ, ਦਸਤਾਨੇ, ਥਰਮਲ ਸਕੈਨਿੰਗ, ਸੈਨੀਟਾਈਜ਼ਰ, ਪੀ.ਪੀ.ਈ. ਕਿੱਟਾਂ, ਫੇਸ ਸ਼ੀਲਡਾਂ ਅਤੇ ਹੋਰ ਸਮੱਗਰੀ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਵਧੀਕ ਡਿਪਟੀ ਕਮਿਸ਼ਨਰ (ਜਗਰਾਓਂ)-ਕਮ-ਨੋਡਲ ਅਫ਼ਸਰ ਡਾ. ਨਯਨ ਜੱਸਲ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸਨ ਇਸ ਮਹਾਂਮਾਰੀ ਦੌਰਾਨ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਸੁਰੱਖਿਅਤ ਚੋਣਾਂ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੇ ਸਾਰੇ 14 ਵਿਧਾਨ ਸਭਾ ਹਲਕਿਆਂ ਵਿੱਚ 2979 ਪੋਲਿੰਗ ਬੂਥ ਹਨ ਜਿੱਥੇ ਵੋਟਰਾਂ ਅਤੇ ਪੋਲਿੰਗ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਵਿਡ ਸੁਰੱਖਿਆ ਉਪਾਅ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਜਿੱਥੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ, ਓਥੇ ਹੀ ਸਮਾਜਿਕ ਦੂਰੀ ਬਣਾਈ ਰੱਖਣ ਤੋਂ ਇਲਾਵਾ ਸਾਰੇ ਪੋਲਿੰਗ ਬੂਥਾਂ ਅੰਦਰ ਦਾਖਲ ਹੋਣ ਵਾਲੇ ਦਰਵਾਜ਼ਿਆਂ ‘ਤੇ ਥਰਮਲ ਸਕ੍ਰੀਨਿੰਗ ਨੂੰ ਯਕੀਨੀ ਬਣਾਇਆ ਜਾਵੇਗਾ ਜਿਸ ਲਈ ਏ.ਐਨ.ਐਮਜ਼, ਆਸ਼ਾ ਅਤੇ ਆਂਗਣਵਾੜੀ ਵਰਕਰਾਂ ਨੂੰ ਬੂਥ ਕੋਵਿਡ ਕੰਟਰੋਲ ਨੋਡਲ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਵੋਟਰ ਨੂੰ ਇੱਕ ਦਸਤਾਨਾ ਦਿੱਤਾ ਜਾਵੇਗਾ ਜਿਸ ਨੂੰ ਪਾ ਕੇ ਵੋਟਿੰਗ ਮਸ਼ੀਨ ਦਾ ਬਟਨ ਦਬਾਉਣ ਦੇ ਨਾਲ-ਨਾਲ ਦਸਤਖਤ ਵੀ ਕੀਤੇ ਜਾਣਗੇ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੁਖ਼ਾਰ ਜਾਂ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਨੂੰ ਪੋਲਿੰਗ ਵਾਲੇ ਦਿਨ (20 ਫਰਵਰੀ ਨੂੰ) ਪੋਲਿੰਗ ਦੇ ਆਖਰੀ ਘੰਟੇ ਵਿੱਚ ਆ ਕੇ ਵੋਟ ਪਾਉਣ ਲਈ ਕਿਹਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵੋਟਰਾਂ ਅਤੇ ਪੋਲਿੰਗ ਕਰਮਚਾਰੀਆਂ ਦੀ ਸੁਰੱਖਿਆ ਸਾਡੀ ਮੁੱਖ ਚਿੰਤਾ ਹੈ ਅਤੇ ਇਨ੍ਹਾਂ ਸਾਰੇ ਪੋਲਿੰਗ ਬੂਥਾਂ ‘ਤੇ ਪੈਦਾ ਹੋਣ ਵਾਲੇ ਕੂੜੇ ਦੇ ਬਾਇਓ-ਮੈਡੀਕਲ ਵੇਸਟ ਪ੍ਰਬੰਧਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਹਰੇਕ ਪੋਲਿੰਗ ਬੂਥ ਨੂੰ ਇੱਕ ਪੀਲੇ ਅਤੇ ਲਾਲ ਰੰਗ ਦੇ ਕੂੜੇਦਾਨ ਦਿੱਤੇ ਗਏ ਹਨ ਜਿੱਥੇ ਇਹ ਕੂੜਾ ਡੰਪ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਇਸ ਬਾਇਓ-ਵੇਸਟ ਨੂੰ ਹਰੇਕ ਹਲਕੇ ਦੇ ਸਾਰੇ ਬੂਥਾਂ ਤੋਂ ਕੁਲੈਕਸ਼ਨ ਸੈਂਟਰਾਂ ਤੱਕ ਇਕੱਠਾ ਕਰਕੇ ਨਿੱਜੀ ਕੰਪਨੀ ਦੁਆਰਾ ਵਿਗਿਆਨਕ ਵਿਧੀ ਰਾਹੀਂ ਨਿਪਟਾਰਾ ਕੀਤਾ ਜਾਵੇਗਾ।

About Author

Leave A Reply

WP2Social Auto Publish Powered By : XYZScripts.com