Saturday, May 10

ਸਾਹਨੇਵਾਲ, ਪਾਇਲ ਤੇ ਲੁਧਿਆਣਾ (ਦੱਖਣੀ) ਹਲਕਿਆਂ ਲਈ ਈ.ਵੀ.ਐਮ. ਦੀ ਰੈਂਡਮਾਈਜ਼ੇਸ਼ਨ ਅੱਜ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ‘ਚ ਹੋਈ

  • ਇਨ੍ਹਾਂ 3 ਹਲਕਿਆਂ ‘ਚ 16 ਤੋਂ ਵੱਧ ਉਮੀਦਵਾਰ, ਇਸ ਲਈ ਦੋ ਈ.ਵੀ.ਐਮ. ਦੀ ਕੀਤੀ ਜਾਵੇਗੀ ਵਰਤੋਂ ਫ਼ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ

ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਲੁਧਿਆਣਾ ਦੇ ਤਿੰਨ ਵਿਧਾਨ ਸਭਾ ਹਲਕਿਆਂ ਸਾਹਨੇਵਾਲ, ਪਾਇਲ ਅਤੇ ਲੁਧਿਆਣਾ (ਦੱਖਣੀ) ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀ ਰੈਂਡਮਾਈਜ਼ੇਸ਼ਨ ਅੱਜ ਬੱਚਤ ਭਵਨ ਵਿਖੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਜਨਰਲ ਅਬਜ਼ਰਵਰਾਂ ਦੀ ਹਾਜ਼ਰੀ ਵਿੱਚ ਹੋਈ।

ਇਹ ਰੈਂਡਮਾਈਜ਼ੇਸ਼ਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਚਾਬਾ, ਖਰਚਾ ਨਿਗਰਾਨ ਸ੍ਰੀ ਸ਼ੇਸ਼ ਨਾਥ ਅਤੇ ਸ੍ਰੀ ਪ੍ਰਭਾਂਸ਼ੂ ਕੁਮਾਰ ਸ੍ਰੀਵਾਸਤਵ ਦੀ ਮੌਜੂਦਗੀ ਵਿੱਚ ਹੋਈ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਸਾਹਨੇਵਾਲ ਤੋਂ 19, ਪਾਇਲ ਤੋਂ 18 ਅਤੇ ਲੁਧਿਆਣਾ (ਦੱਖਣੀ) ਹਲਕੇ ਤੋਂ 17 ਉਮੀਦਵਾਰ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਹਰੇਕ ਈ.ਵੀ.ਐਮ. ਦੇ ਕੰਟਰੋਲ ਯੂਨਿਟ ਵਿੱਚ ਸਿਰਫ਼ 16 ਉਮੀਦਵਾਰ ਹੀ ਰਹਿ ਸਕਦੇ ਹਨ, ਇਸ ਲਈ ਵਾਧੂ ਯੂਨਿਟ ਦੀ ਲੋੜ ਪਵੇਗੀ। ਉਨ੍ਹਾਂ ਕਿਹਾ ਕਿ ਇਸੇ ਕਰਕੇ ਇਨ੍ਹਾਂ ਹਲਕਿਆਂ ਦੇ ਪੋਲਿੰਗ ਬੂਥਾਂ ‘ਤੇ ਦੋ ਕੰਟਰੋਲ ਯੂਨਿਟ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਵਾਧੂ ਈ.ਵੀ.ਐਮਜ਼ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ ਹੈ, ਜਦਕਿ ਈ.ਵੀ.ਐਮ. ਦੀ ਦੂਜੀ ਰੈਂਡਮਾਈਜ਼ੇਸ਼ਨ 8 ਫਰਵਰੀ, 2022 ਨੂੰ ਕੀਤੀ ਜਾਵੇਗੀ। ਇਸ ਮੌਕੇ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਭਰੋਸਾ ਦਿਵਾਇਆ ਕਿ ਚੋਣਾਂ ਬਿਨਾਂ ਕਿਸੇ ਡਰ ਭੈਅ ਦੇ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੁੱਲ 175 ਉਮੀਦਵਾਰ ਮੈਦਾਨ ਵਿੱਚ ਹਨ, ਜੋ ਜ਼ਿਲ੍ਹੇ ਦੇ ਵੱਖ-ਵੱਖ 14 ਵਿਧਾਨ ਸਭਾ ਹਲਕਿਆਂ ਤੋਂ ਚੋਣਾਂ ਲੜਨਗੇ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ 19 ਉਮੀਦਵਾਰ ਹਲਕਾ ਸਾਹਨੇਵਾਲ ਵਿੱਚ ਚੋਣ ਲੜਨਗੇ, ਇਸ ਤੋਂ ਬਾਅਦ ਪਾਇਲ ਵਿੱਚ 18, ਲੁਧਿਆਣਾ (ਦੱਖਣੀ) ਵਿੱਚ 17, ਆਤਮ ਨਗਰ ਵਿੱਚ 15, ਲੁਧਿਆਣਾ (ਪੂਰਬੀ) ਅਤੇ ਸਮਰਾਲਾ ਵਿੱਚ 14-14 ਉਮੀਦਵਾਰ ਹੋਣਗੇ। ਹਲਕਾ ਗਿੱਲ ਤੋਂ 11, ਖੰਨਾ, ਲੁਧਿਆਣਾ (ਉੱਤਰੀ), ਦਾਖਾ, ਰਾਏਕੋਟ ਅਤੇ ਜਗਰਾਉਂ ਤੋਂ 10-10, ਲੁਧਿਆਣਾ (ਕੇਂਦਰੀ) ਤੋਂ 9 ਅਤੇ ਲੁਧਿਆਣਾ (ਪੱਛਮੀ) ਹਲਕੇ ਤੋਂ 8 ਉਮੀਦਵਾਰ ਚੋਣ ਲੜਨਗੇ।

About Author

Leave A Reply

WP2Social Auto Publish Powered By : XYZScripts.com