
- ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹਾ ਵਾਸੀਆਂ ਨੂੰ ਖਾਸ ਕਰਕੇ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਟੀਕਾਕਰਨ ਕਰਵਾਉਣ ਦੀ ਕੀਤੀ ਅਪੀਲ
- ਜਨਵਰੀ ‘ਚ 81 ਕੋਵਿਡ ਮੌਤਾਂ ਵਿੱਚੋਂ, 80% ਪੀੜਤਾਂ ਦਾ ਜਾਂ ਤਾਂ ਟੀਕਾਕਰਨ ਨਹੀਂ ਹੋਇਆ ਜਾਂ ਉਨ੍ਹਾਂ ਦੀ ਦੂਜੀ ਖੁਰਾਕ ਖੁੰਝ ਗਈ ਸੀ
- ਲੁਧਿਆਣਾ ‘ਚ ਹਾਲੇ 10 ਲੱਖ ਦੇ ਕਰੀਬ ਲੋਕਾਂ ਨੂੰ ਦੂਜੀ ਡੋਜ਼ ਨਹੀਂ ਲਗਵਾਈ – ਸ਼ਰਮਾ
ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਬੀਤੇ ਕੱਲ੍ਹ ਕੀਤੀ ਗਈ ਅਪੀਲ ਤੋਂ ਬਾਅਦ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ 300 ਤੋਂ ਵੱਧ ਥਾਵਾਂ ‘ਤੇ ਚਲਾਈ ਗਈ ਮੈਗਾ ਟੀਕਾਕਰਨ ਮੁਹਿੰਮ ਵਿੱਚ ਕੁੱਲ 50125 ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਸਮਾਜ ਦੇ ਹਿੱਤ ਵਿੱਚ ਖਾਸ ਕਰਕੇ 15-18 ਸਾਲ ਦੀ ਉਮਰ ਦੇ ਬੱਚਿਆਂ ਨੂੰ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ। ਸ੍ਰੀ ਸ਼ਰਮਾ ਨੇ ਅੱਜ ਸਥਾਨਕ ਬਸੰਤ ਐਵੇਨਿਊ ਸਥਿਤ ਬੀ.ਸੀ.ਐਮ. ਸਕੂਲ ਵਿੱਚ ਕੋਵਿਡ ਟੀਕਾਕਰਨ ਕੈਂਪ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨਾ ਸਿਰਫ਼ ਬੱਚਿਆਂ ਨਾਲ ਗੱਲਬਾਤ ਕੀਤੀ, ਸਗੋਂ ਉਨ੍ਹਾਂ ਨੂੰ ਆਪਣੇ ਦੋਸਤਾਂ ਨੂੰ ਵੀ ਟੀਕਾਕਰਨ ਸਬੰਧੀ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ 15-18 ਸਾਲ ਦੀਆਂ ਦੋਵੇਂ ਲੜਕੀਆਂ ਦਾ ਵੀ ਟੀਕਾਕਰਨ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿੱਥੇ 102 ਫੀਸਦੀ ਯੋਗ ਲਾਭਪਾਤਰੀਆਂ ਨੂੰ ਪਹਿਲੀ ਡੋਜ਼ ਮਿਲੀ ਹੈ, ਉਥੇ ਸਿਰਫ 64 ਫੀਸਦੀ ਵਿਅਕਤੀਆਂ ਨੂੰ ਹੀ ਦੂਜੀ ਡੋਜ਼ ਮਿਲੀ ਹੈ, ਜਿਸ ਦਾ ਮਤਲਬ ਹੈ ਕਿ 36 ਫੀਸਦੀ (ਲਗਭਗ 10 ਲੱਖ ਵਿਅਕਤੀਆਂ) ਦਾ ਅਜੇ ਤੱਕ ਸੰਪੂਰਨ ਟੀਕਾਕਰਨ ਹੋਣਾ ਬਾਕੀ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣਾ ਟੀਕਾਕਰਨ ਕਰਵਾਉਣ, ਨਹੀਂ ਤਾਂ ਨਾ ਸਿਰਫ਼ ਆਪਣੇ ਲਈ, ਸਗੋਂ ਉਨ੍ਹਾਂ ਦੇ ਪਰਿਵਾਰਾਂ ਲਈ ਵੀ ਖਤਰਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ ਜਨਵਰੀ ਵਿੱਚ ਹੋਈਆਂ 81 ਕੋਵਿਡ ਮੌਤਾਂ ਵਿੱਚੋਂ, 80% ਪੀੜਤਾਂ ਦਾ ਜਾਂ ਤਾਂ ਟੀਕਾਕਰਨ ਨਹੀਂ ਸੀ ਹੋਇਆ ਜਾਂ ਉਨ੍ਹਾਂ ਦੀ ਦੂਜੀ ਖੁਰਾਕ ਖੁੰਝ ਗਈ ਸੀ।