Friday, May 9

ਡਿਪਟੀ ਕਮਿਸ਼ਨਰ ਵੱਲੋਂ ਜਾਣਬੁੱਝ ਕੇ ਦੂਜੀ ਕੋਵਿਡ ਖੁਰਾਕ ਤੋਂ ਖੁੰਝਣ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਦਿੱਤੀ ਚੇਤਾਵਨੀ

  • ਨਿਯਮਾਂ ਅਨੁਸਾਰ ਸੰਪੂਰਨ ਟੀਕਾਕਰਨ ਵਾਲੇ ਹੀ ਘਰੋਂ ਬਾਹਰ ਜਾ ਸਕਦੇ ਹਨ – ਵਰਿੰਦਰ ਕੁਮਾਰ ਸ਼ਰਮਾ
  • ਬਿਨ੍ਹਾਂ ਟੀਕਾਕਰਣ ਵਾਲੇ ਵਿਅਕਤੀਆਂ ਖਿਲਾਫ਼ ਬਾਜ਼ਾਰਾਂ, ਮੈਰਿਜ ਪੈਲੇਸਾਂ, ਮਾਲਜ਼, ਹੋਟਲਾਂ, ਜਿੰਮਾਂ, ਰੈਸਟੋਰੈਂਟਾਂ ਆਦਿ ਵਿੱਚ ਘੁੰਮਣ ‘ਤੇ ਕੀਤੀ ਜਾਵੇਗੀ ਸਖ਼ਤ ਕਾਰਵਾਈ
  • ਜਨਵਰੀ ‘ਚ 81 ਕੋਵਿਡ ਮੌਤਾਂ ‘ਚੋਂ, 80% ਪੀੜਤਾਂ ਦਾ ਜਾਂ ਤਾਂ ਟੀਕਾਕਰਨ ਨਹੀਂ ਹੋਇਆਂ ਜਾਂ ਦੂਜੀ ਖੁਰਾਕ ਤੋਂ ਸਨ ਖੁੰਝੇ
  • ਲੁਧਿਆਣਾ ‘ਚ ਹਾਲੇ 10 ਲੱਖ ਦੇ ਕਰੀਬ ਵਿਅਕਤੀ ਆਪਣੀ ਦੂਜੀ ਡੋਜ਼ ਲੈਣ ਤੋਂ ਵਾਂਝੇ
  • ਮੈਗਾ ਟੀਕਾਕਰਨ ਮੁਹਿੰਮ ਭਲਕੇ, ਵੱਧ ਤੋਂ ਵੱਧ ਲੋਕ ਲੈਣ ਇਸ ਦਾ ਲਾਹਾ

ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਕੋਵਿਡ-19 ਵੈਕਸੀਨ ਦੀ ਦੂਜੀ ਖੁਰਾਕ ਜਾਣਬੁੱਝ ਕੇ ਖੁੰਝਾਉਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਅੱਜ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰ ਸ.ਗੁਰਪ੍ਰੀਤ ਸਿੰਘ ਭੁੱਲਰ ਅਤੇ ਸਿਵਲ ਸਰਜਨ ਡਾ.ਐਸ.ਪੀ. ਸਿੰਘ ਨਾਲ ਹੋਈ ਮੀਟਿੰਗ ਵਿੱਚ ਇਹ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਕਿ ਕੁਝ ਵਿਅਕਤੀ ਵਾਰ-ਵਾਰ ਟੀਕਾਕਰਨ ਸਬੰਧੀ ਸਾਡੀਆਂ ਲਗਾਤਾਰ ਅਪੀਲਾਂ ਵੱਲ ਧਿਆਨ ਨਹੀਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿੱਥੇ 102% ਯੋਗ ਲਾਭਪਾਤਰੀਆਂ ਨੂੰ ਪਹਿਲੀ ਡੋਜ਼ ਲਈ ਹੈ, ਉੱਥੇ ਸਿਰਫ 64%  ਵਿਅਕਤੀਆਂ ਨੂੰ ਹੀ ਦੂਜੀ ਡੋਜ਼ ਮਿਲੀ ਹੈ, ਜਿਸ ਦਾ ਮਤਲਬ ਹੈ ਕਿ 36%  (ਲਗਭਗ 10 ਲੱਖ ਵਿਅਕਤੀਆਂ) ਦਾ ਅਜੇ ਪੂਰੀ ਤਰ੍ਹਾਂ ਟੀਕਾਕਰਨ ਹੋਣਾ ਬਾਕੀ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਟੀਕਾਕਰਨ ਕਰਵਾਉਣ, ਨਹੀਂ ਤਾਂ ਨਾ ਸਿਰਫ਼ ਆਪਣੇ ਲਈ, ਸਗੋਂ ਉਨ੍ਹਾਂ ਦੇ ਪਰਿਵਾਰਾਂ ਲਈ ਵੀ ਖਤਰਾ ਬਣ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਸਾਲ ਜਨਵਰੀ ਵਿੱਚ ਹੋਈਆਂ 81 ਕੋਵਿਡ ਮੌਤਾਂ ਵਿੱਚੋਂ, 80% ਪੀੜਤਾਂ ਦਾ ਜਾਂ ਤਾਂ ਟੀਕਾਕਰਨ ਨਹੀਂ ਹੋਇਆ ਸੀ ਜਾਂ ਉਨ੍ਹਾਂ ਦੀ ਦੂਜੀ ਡੋਜ਼ ਖੁੰਝ ਗਈ ਸੀ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਕੋਵਿਡ ਸਬੰਧੀ ਸਰਕਾਰੀ ਹਦਾਇਤਾਂ ਅਨੁਸਾਰ ਸਿਰਫ਼ ਸੰਪੂਰਨ ਟੀਕਾਕਰਨ ਵਾਲੇ ਵਿਅਕਤੀ ਹੀ ਘਰਾਂ ਤੋਂ ਬਾਹਰ ਜਾ ਸਕਦੇ ਹਨ ਅਤੇ ਪੁਲਿਸ ਵੱਲੋਂ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ ਜੇਕਰ ਅਜਿਹੇ ਅਣਪਛਾਤੇ ਵਿਅਕਤੀ ਬਾਜ਼ਾਰਾਂ, ਮੈਰਿਜ ਪੈਲੇਸਾਂ, ਮਾਲਾਂ, ਹੋਟਲਾਂ, ਜਿੰਮਾਂ, ਰੈਸਟੋਰੈਂਟਾਂ ਜਾਂ ਹੋਰ ਕਿਤੇ ਵੀ ਘੁੰਮਦੇ ਪਾਏ ਜਾਂਦੇ ਹਨ ਅਤੇ ਜੇਕਰ ਕੋਈ ਵਿਅਕਤੀ ਜਾਣਬੁੱਝ ਕੇ ਦੂਜੀ ਖੁਰਾਕ ਖੁੰਝਾਉਂਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸਮਾਜ ਦੇ ਹਿੱਤ ਵਿੱਚ ਪੁਲਿਸ ਅਜਿਹੇ ਸਾਰੇ ਵਿਅਕਤੀਆਂ ਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਣ ਦੇਵੇਗੀ। ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਸਰਕਾਰੀ ਅਧਿਕਾਰੀਆਂ ਲਈ ਪਹਿਲਾਂ ਹੀ ਨਿਰਦੇਸ਼ ਹਨ ਕਿ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਕਰਮਚਾਰੀਆਂ ਨੂੰ ਹੀ ਤਨਖਾਹ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਉਦਯੋਗਪਤੀਆਂ ਨਾਲ ਵੀ ਗੱਲ ਕਰਨਗੇ ਕਿ ਉਹ ਬਿਨ੍ਹਾਂ ਟੀਕਾਕਰਨ ਵਾਲੇ ਸਟਾਫ ਨ{ੰ ਤਨਖ਼ਾਹ ਜਾਰੀ ਨਾ ਕਰਨ ਕਿਉਂਕਿ ਜੇਕਰ ਅਸੀਂ ਕੋਵਿਡ ਮੁਕਤ ਸਮਾਜ ਬਣਾਉਣਾ ਚਾਹੁੰਦੇ ਹਾਂ ਤਾਂ ਸਾਰੇ ਵਿਅਕਤੀਆਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਭਲਕੇ (30 ਜਨਵਰੀ, 2022) ਨੂੰ ਇੱਕ ਮੈਗਾ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸਾਰੇ ਯੋਗ ਵਿਅਕਤੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵੱਧ ਚੜ੍ਹ ਕੇ ਅੱਗੇ ਆਉਣ ਅਤੇ ਆਪਣੀ ਵੈਕਸੀਨ ਦੀ ਦੂਜੀ ਡੋਜ਼ ਲੈਣ।

About Author

Leave A Reply

WP2Social Auto Publish Powered By : XYZScripts.com