Friday, May 9

ਜ਼ਿਲ੍ਹਾ ਲੁਧਿਆਣਾ ‘ਚ ਵੱਖ-ਵੱਖ ਥਾਵਾਂ ‘ਤੇ ਚੋਣ ਅਮਲੇ ਦੀ ਪਹਿਲੀ ਟ੍ਰੇਨਿੰਗ ਆਯੋਜਿਤ

  • ਜ਼ਿਲ੍ਹਾ ਚੋਣ ਅਫ਼ਸਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਿਖਲਾਈ ਸਥਾਨਾਂ ਦਾ ਕੀਤਾ ਦੌਰਾ, ਚੋਣ ਅਮਲੇ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਕੀਤਾ ਪ੍ਰੇਰਿਤ

ਲੁਧਿਆਣਾ, (ਸੰਜੇ ਮਿੰਕਾ) – ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ 14 ਵੱਖ-ਵੱਖ ਥਾਵਾਂ ‘ਤੇ ਚੋਣ ਅਮਲੇ ਦੀ ਪਹਿਲੀ ਟ੍ਰੇਨਿੰਗ ਕਰਵਾਈ ਗਈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਿਖਲਾਈ ਸਥਾਨਾਂ ਦਾ ਦੌਰਾ ਕੀਤਾ ਅਤੇ ਚੋਣ ਅਮਲੇ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਚੋਣ ਅਮਲੇ ਦੀ ਪਹਿਲੀ ਟ੍ਰੇਨਿੰਗ ਵਿਧਾਨ ਸਭਾ ਹਲਕਾ 57-ਖੰਨਾ ਲਈ ਏ.ਐਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਖੰਨਾ ਵਿਖੇ, 58-ਸਮਰਾਲਾ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਖੰਨਾ ਰੋਡ, ਸਮਰਾਲਾ,  59-ਸਾਹਨੇਵਾਲ ਲਈ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ (ਲੜਕੀਆਂ), ਸਿਵਲ ਲਾਈਨਜ਼, ਲੁਧਿਆਣਾ ਵਿਖੇ, 60-ਲੁਧਿਆਣਾ (ਪੂਰਬੀ) ਲਈ ਐਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ ਵਿਖੇ, 61-ਲੁਧਿਆਣਾ (ਦੱਖਣੀ) ਲਈ ਕੁੰਦਨ ਵਿਦਿਆ ਮੰਦਰ, ਸਿਵਲ ਲਾਈਨਜ਼, ਲੁਧਿਆਣਾ ਦੇ ਪ੍ਰੀਖਿਆ ਹਾਲ ਵਿਖੇ, 62-ਆਤਮ ਨਗਰ ਆਡੀਟੋਰੀਅਮ ਹਾਲ, ਨਵੀਂ ਬਿਲਡਿੰਗ, ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ, ਲੁਧਿਆਣਾ ਵਿਖੇ, 63-ਲੁਧਿਆਣਾ (ਕੇਂਦਰੀ) ਲਈ ਆਰੀਆ ਕਾਲਜ, ਸਿਵਲ ਲਾਈਨਜ਼ ਲੁਧਿਆਣਾ ਦੇ ਆਡੀਟੋਰੀਅਮ ਵਿਖੇ, 64-ਲੁਧਿਆਣਾ (ਪੱਛਮੀ) ਲਈ ਖ਼ਾਲਸਾ ਕਾਲਜ (ਲੜਕੀਆਂ) ਘੁਮਾਰ ਮੰਡੀ, ਸਿਵਲ ਲਾਈਨਜ਼, ਲੁਧਿਆਣਾ ਵਿਖੇ, 65-ਲੁਧਿਆਣਾ (ਉੱਤਰੀ) ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ ਲੁਧਿਆਣਾ ਵਿਖੇ, 66-ਗਿੱਲ ਲਈ ਐਸ.ਆਰ.ਐਸ. ਸਰਕਾਰੀ ਪੋਲੀਟੈਕਨਿਕ ਕਾਲਜ (ਲੜਕੀਆਂ), ਰਿਸ਼ੀ ਨਗਰ, ਲੁਧਿਆਣਾ ਵਿਖੇ, 67-ਪਾਇਲ ਲਈ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਵਿਖੇ, 68-ਦਾਖਾ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੀ.ਏ.ਯੂ, ਲੁਧਿਆਣਾ ਵਿਖੇ, 69-ਰਾਏਕੋਟ ਲਈ ਸਵਾਮੀ ਗੰਗਾ ਗਿਰੀ ਸੀਨੀਅਰ ਸੈਕੰਡਰੀ ਸਕੂਲ, ਰਾਏਕੋਟ ਅਤੇ 70-ਜਗਰਾਉਂ ਦੇ ਚੋਣ ਅਮਲੇ ਦੀ ਸਿਖਲਾਈ ਲਾਲਾ ਲਾਜਪਤ ਰਾਏ, ਡੀ.ਏ.ਵੀ. ਕਾਲਜ ਜਗਰਾਉਂ ਵਿਖੇ ਹੋਈ। ਸਥਾਨਕ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ (ਲੜਕੀਆਂ), ਐਸ.ਸੀ.ਡੀ. ਸਰਕਾਰੀ ਕਾਲਜ ਅਤੇ ਖ਼ਾਲਸਾ ਕਾਲਜ (ਲੜਕੀਆਂ) ਵਿਖੇ ਸਿਖਲਾਈ ਸਥਾਨਾਂ ਦਾ ਦੌਰਾ ਕਰਦਿਆਂ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਚੋਣ ਡਿਊਟੀ ‘ਤੇ ਲੱਗੇ ਅਧਿਕਾਰੀਆਂ ਨੂੰ ਇਸ ਗੱਲ ‘ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਅਜਿਹੇ ਮਹੱਤਵਪੂਰਨ ਕਾਰਜ ਲਈ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਟ੍ਰੇਨਿੰਗ ਦੌਰਾਨ ਚੋਣ ਅਮਲੇ ਨੂੰ ਸਮੁੱਚੀ ਚੋਣ ਪ੍ਰਕਿਰਿਆ, ਉਨ੍ਹਾਂ ਦੀਆਂ ਡਿਊਟੀਆਂ, ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.), ਵੀ.ਵੀ.ਪੈਟ ਦੀ ਸੰਭਾਲ ਤੋਂ ਇਲਾਵਾ ਚੋਣ ਪ੍ਰਕਿਰਿਆ ਨਾਲ ਸਬੰਧਤ ਹੋਰ ਪਹਿਲੂਆਂ ਬਾਰੇ ਸਿਖਲਾਈ ਦਿੱਤੀ ਗਈ। ਜ਼ਿਲ੍ਹਾ ਚੋਣ ਅਫ਼ਸਰ ਨੇ ਉਨ੍ਹਾਂ ਹਾਲਾਂ ਦਾ ਵੀ ਦੌਰਾ ਕੀਤਾ ਜਿੱਥੇ ਈ.ਵੀ.ਐਮ. ਸਟੋਰ ਕਰਨ ਲਈ ਸਟਰਾਂਗ ਰੂਮ ਬਣਾਏ ਜਾ ਰਹੇ ਹਨ। ਉਨ੍ਹਾਂ ਚੋਣ ਅਮਲੇ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਟੀਕਾਕਰਨ ਜ਼ਰੂਰ ਕਰਵਾਉਣ ਤਾਂ ਜੋ ਹਰ ਕੋਈ ਕੋਵਿਡ ਮਹਾਂਮਾਰੀ ਤੋਂ ਸੁਰੱਖਿਅਤ ਰਹਿ ਸਕੇ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਡਿਊਟੀ ‘ਤੇ ਤਾਇਨਾਤ ਸਟਾਫ਼ ਨੂੰ ਬੂਸਟਰ ਡੋਜ਼ ਪ੍ਰਾਪਤ ਹੋ ਸਕਦੀ ਹੈ ਭਾਵੇਂ ਉਨ੍ਹਾਂ ਨੇ ਦੂਜੀ ਡੋਜ਼ ਤੋਂ ਬਾਅਦ 9 ਮਹੀਨੇ ਪੂਰੇ ਨਾ ਕੀਤੇ ਹੋਣ। ਉਨ੍ਹਾਂ ਕਿਹਾ ਕਿ ਹੁਣ ਅਜਿਹਾ ਸਟਾਫ਼ ਆਪਣੇ ਦੂਜੇ ਟੀਕਾਕਰਨ ਤੋਂ 90 ਦਿਨਾਂ ਬਾਅਦ ਬੂਸਟਰ ਡੋਜ਼ ਲੈ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਚੋਣ ਡਿਊਟੀ ਲਈ ਤਾਇਨਾਤ ਅਧਿਆਪਕਾਂ, ਸਰਕਾਰੀ ਸਟਾਫ਼, ਬੈਂਕ ਕਰਮਚਾਰੀਆਂ, ਬੀਮਾ ਖੇਤਰ ਆਦਿ ਸਮੇਤ ਸਮੂਹ ਚੋਣ ਅਮਲੇ ਲਈ ਵਿਸ਼ੇਸ਼ ਟੀਕਾਕਰਨ ਕੈਂਪ ਵੀ ਅੱਜ ਸਾਰੇ ਸਿਖਲਾਈ ਕੇਂਦਰਾਂ ਵਿਖੇ ਲਗਾਇਆ ਗਿਆ। ਉਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਤਿੰਨ ਹੋਰ ਟ੍ਰੇਨਿੰਗਾਂ ਦਾ ਆਯੋਜਨ ਕਰਨ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਚੋਣ ਡਿਊਟੀ ਲਈ ਤਾਇਨਾਤ ਸਮੂਹ ਸਟਾਫ਼ ਨੂੰ ਇਸ ਤੋਂ ਛੁਟਕਾਰਾ ਪਾਉਣ ਲਈ ਹੱਥਕੰਡੇ ਅਪਣਾਉਣ ਦੀ ਬਜਾਏ ਇਸ ਮਹੱਤਵਪੂਰਨ ਕਾਰਜ ਵੱਲ ਧਿਆਨ ਦੇਣਾ ਚਾਹੀਦਾ ਹੈ।

About Author

Leave A Reply

WP2Social Auto Publish Powered By : XYZScripts.com